ਕਪਿਲ ਦਾ ਕੌਣ ਵਿਰੋਧੀ ਤੇ ਕਿਸ ਨੇ ਕੀਤੀ ਹਮਾਇਤ
ਟੀਵੀ ਕਲਾਕਾਰ ਭਾਰਤੀ ਸਿੰਘ ਨੇ ਵੀ ਮਨੋਰੰਜਨ ਵੈਬਸਾਈਟ ਬਾਲੀਵੁੱਡ ਲਾਈਫ਼ ਨਾਲ ਗੱਲ ਕਰਦਿਆਂ ਕਿਹਾ ਕਿ ਕਪਿਲ ਸ਼ਰਮਾ ਨਾਲ ਜੋ ਵਾਪਰ ਰਿਹਾ ਹੈ, ਉਹ ਬੇਹੱਦ ਦੁਖ਼ਦਾਈ ਹੈ ਤੇ ਕਪਿਲ ਦੀ ਅਜਿਹੀ ਹਾਲਤ ਵੇਖ ਕੇ ਉਸ ਦਾ ਦਿਲ ਦੁਖ਼ਿਆ ਹੈ।
ਨੀਤੀ ਸਿਮੋਸ ’ਤੇ ਕਪਿਲ ਨੇ ਪੂਰੇ ਵਿਵਾਦ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਵੀ ਲਾਇਆ ਸੀ। ਨੀਤੀ ਨੇ ਟਵੀਟ ਜ਼ਰੀਏ ਦੋ ਸਫ਼ਿਆਂ ਦਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਪਿਲ ਦੀ ਇਸ ਹਾਲਤ ਪਿੱਛੇ ਉਸ ਦੀ ਸ਼ਰਾਬ ਦਾ ਹੱਥ ਹੈ।
ਕਾਮੇਡੀਅਨ ਕ੍ਰਿਸ਼ਨ ਅਭਿਸ਼ੇਕ ਇਸ ਵਿਵਾਦ ਨੂੰ ਵੇਖਦਿਆਂ ਕਪਿਲ ਦੇ ਹੱਕ ਵਿੱਚ ਆ ਗਏ ਹਨ। ਇੱਕ ਵੈੱਬਸਾਈਟ ਨੂੰ ਇੰਟਰਵਿਊ ਦਿੰਦਿਆਂ ਕ੍ਰਿਸ਼ਨ ਨੇ ਕਿਹਾ ਕਿ ਉਸ ਨੇ ਕਦੀ ਕਪਿਲ ਦਾ ਪੱਖ ਨਹੀਂ ਪੂਰਿਆ ਪਰ ਇਸ ਵਾਰੀ ਉਹ ਉਸ ਲਈ ਬਹੁਤ ਖ਼ਰਾਬ ਮਹਿਸੂਸ ਕਰ ਰਿਹਾ ਹੈ। ਉਸ ਨੇ ਕਿਹਾ ਕਿ ਲੋਕਾਂ ਨੂੰ ਸਭ ਕੁਝ ਭੁਲਾ ਕੇ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।
ਕਪਿਲ ਦੀ ਭੂਆ ਦਾ ਕਿਰਦਾਰ ਨਿਭਾਉਣ ਵਾਲੀ ਉਪਾਸਨਾ ਸਿੰਘ ਨੇ ਮੁੰਬਈ ਮਿਰਰ ਨਾਲ ਗੱਲ ਕਰਦਿਆਂ ਕਿਹਾ ਕਿ ਇਨ੍ਹੀਂ ਦਿਨੀਂ ਕਪਿਲ ਸਰੀਰਕ ਤੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਗੁਜ਼ਰ ਰਿਹਾ ਹੈ। ਅਜਿਹੀ ਹਾਲਤ ’ਚ ਲੋਕ ਅਕਸਰ ਗ਼ਲਤੀਆਂ ਕਰ ਬੈਠਦੇ ਹਨ।
ਬਾਲੀਵੁੱਡ ਡਾਇਰੈਕਟਰ ਤੇ ਕੌਮੀ ਐਵਾਰਡ ਜੇਤੂ ਹੰਸਲ ਮਹਿਤਾ ਨੇ ਟਵਿੱਟਰ ’ਤੇ ਲਿਖਿਆ ਕਿ ਕਪਿਲ ਸ਼ਰਮਾ ਵੱਲੋਂ ਵਰਤੀ ਭਾਸ਼ਾ ਨਿੰਦਣਯੋਗ ਹੈ।
ਬਿੱਗ ਬੌਸ ਜੇਤੂ ਸ਼ਿਲਪਾ ਸ਼ਿੰਦੇ ਨੇ ਆਪਣੇ ਇੰਸਟਾਗਰਾਮ ’ਤੇ ਕਪਿਲ ਦਾ ਸਮਰਥਨ ਕਰਦਿਆਂ ਲਿਖਿਆ ਕਿ ਕਿਸੇ ਨੂੰ ਗਾਲ੍ਹ ਕੱਢਣਾ ਵਾਕਿਆ ਹੀ ਗ਼ਲਤ ਹੈ ਪਰ ਉਹ ਜ਼ਰੂਰ ਕਿਸੇ ਬੁਰੀ ਹਾਲਤ ਵਿੱਚ ਹੋਵੇਗਾ।
ਕਪਿਲ ਸ਼ਰਮਾ ਵਿਵਾਦ ਦੇ ਮੁੱਦੇ ’ਤੇ ਕਈ ਹਸਤੀਆਂ ਉਸ ਦਾ ਬਚਾਅ ਕਰ ਰਹੀਆਂ ਹਨ ਤਾਂ ਕਈ ਉਸ ਦੇ ਖ਼ਿਲਾਫ਼ ਬੋਲ ਕੇ ਉਸ ਦੀਆਂ ਮੁਸ਼ਕਲਾਂ ਵਧਾ ਰਹੀਆਂ ਹਨ।