ਚੰਡੀਗੜ੍ਹ: ਅਮਰੀਕਾ (USA) ਦੇ 60 ਫ਼ੀਸਦੀ ਹੋਟਲਾਂ ਦੇ ਮਾਲਕ (Hotel Owners Indian) ਭਾਰਤੀ ਹਨ। ਇਹ ਪ੍ਰਗਟਾਵਾ ‘ਦ ਏਸ਼ੀਅਨ ਅਮੈਰਿਕਨ ਹੋਟਲ ਓਨਰਜ਼ ਐਸੋਸੀਏਸ਼ਨ’ (AAHOA The Asian American Hotel Owners Association) ਨਾਂ ਦੀ ਜਥੇਬੰਦੀ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਤੋਂ ਹੋਇਆ ਹੈ। ਦੱਸ ਦੇਈਏ ਕਿ AAHOA ਦੇ 34,260 ਮੈਂਬਰ ਹਨ ਤੇ ਉਨ੍ਹਾਂ ’ਚੋਂ ਬਹੁਤੇ ਭਾਰਤੀ ਮੂਲ ਦੇ ਹੀ ਹਨ।
ਇਸ ਜਥੇਬੰਦੀ ਦੇ ਮੈਂਬਰਾਂ ਦੇ ਆਪਣੇ ਹੋਟਲ ਤੇ ਕਮਰੇ ਹਨ ਜਾਂ ਉਹ ਹੋਟਲਾਂ ਦਾ ਸੰਚਾਲਨ ਸੰਭਾਲਦੇ ਹਨ, ਹੋਟਲਾਂ ’ਚ ਪੂੰਜੀ ਨਿਵੇਸ਼ ਕਰਦੇ ਹਨ ਤੇ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਹੋਟਲ ਉਦਯੋਗ ਨਾਲ ਜੁੜੇ ਹੋਏ ਹਨ। ਇੰਝ ਉਹ ਅਮਰੀਕੀ ਅਰਥਵਿਵਸਥਾ ’ਚ ਆਪਣਾ ਵਡਮੁੱਲਾ ਯੋਗਦਾਨ ਵੀ ਪਾ ਰਹੇ ਹਨ।
ਸਰਵੇਖਣ ਮੁਤਾਬਕ ਅਮਰੀਕਾ ਦੇ 60 ਫ਼ੀਸਦੀ ਹੋਟਲਾਂ ਦੇ ਮਾਲਕ ਭਾਰਤੀ ਹਨ ਤੇ ਉਹ ਆਪਣੇ ਹੋਟਲਾਂ ਦੇ ਵੱਡੇ-ਛੋਟੇ 31 ਲੱਖ ਕਮਰਿਆਂ ਦੀ ਦੇਖਭਾਲ਼ ਕਰਦੇ ਹਨ ਤੇ ਉਨ੍ਹਾਂ ਕਾਰਨ 22 ਲੱਖ ਵਿਅਕਤੀਆਂ ਨੂੰ ਰੋਜ਼ਗਾਰ ਵੀ ਮਿਲਿਆ ਹੋਇਆ ਹੈ।
ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਡੈਲਸ ਵਿਖੇ ਹੋਈ AAHOA ਦੀ ਮੀਟਿੰਗ ਦੌਰਾਨ ਇਸ ਸਰਵੇਖਣ ਦੇ ਨਤੀਜੇ ਜੱਗ ਜ਼ਾਹਿਰ ਕੀਤੇ ਗਏ। ਇਸ ਮੌਕੇ ਇੱਥੇ AAHOA ਕਨਵੈਨਸ਼ਨ ਤੇ ਟ੍ਰੇਡ ਸ਼ੋਅ ਵੀ ਸੀ। AAHOA ਦੀ ਸਥਾਪਨਾ 1989 ’ਚ ਹੋਈ ਸੀ।
ਇਸ ਮੀਟਿੰਗ ਦੌਰਾਨ ਦੱਸਿਆ ਗਿਆ ਕਿ AAHOA ਮੈਂਬਰਾਂ ਦੇ ਹੋਟਲਾਂ ’ਚ ਮਹਿਮਾਨ ਆ ਕੇ ਅਰਬਾਂ ਡਾਲਰ ਖ਼ਰਚ ਕਰ ਕੇ ਸਥਾਨਕ ਅਰਥਵਿਵਸਥਾਵਾਂ ’ਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ। ਇਨ੍ਹਾਂ ਹੋਟਲਾਂ ਨਾਲ ਸਿੱਧੇ ਤੌਰ ’ਤੇ ਜੁੜੇ 11 ਲੱਖ ਮੁਲਾਜ਼ਮਾਂ ਨੂੰ 48 ਅਰਬ ਡਾਲਰ ਸਾਲਾਨਾ ਤਨਖ਼ਾਹ ਵਜੋਂ ਮਿਲਦੇ ਹਨ।
ਉਂਝ ਇਨ੍ਹਾਂ ਹੋਟਲਾਂ ਨਾਲ 42 ਲੱਖ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ਉੱਤੇ ਰੋਜ਼ਗਾਰ ਮਿਲਿਆ ਹੈ, ਜਿਨ੍ਹਾਂ ਨੂੰ 214.6 ਅਰਬ ਡਾਲਰ ਦੀ ਆਮਦਨ ਹੁੰਦੀ ਹੈ। ਅਮਰੀਕਾ ਦੇ ਕੁੱਲ ਘਰੇਲੂ ਉਤਪਾਦਨ ’ਚ ਉਨ੍ਹਾਂ ਦਾ ਯੋਗਦਾਨ 368.4 ਅਰਬ ਡਾਲਰ ਦਾ ਹੈ ਤੇ ਉਹ ਕੇਂਦਰੀ, ਸੂਬਾਈ ਤੇ ਸਥਾਨਕ ਟੈਕਸਾਂ ਵਜੋਂ 96.8 ਅਰਬ ਡਾਲਰ ਦਾ ਭੁਗਤਾਨ ਕਰਦੇ ਹਨ।
ਇਸ ਮੀਟਿੰਗ ਦੌਰਾਨ ਇਹ ਵੀ ਦਾਅਵਾ ਕੀਤਾ ਗਿਆ ਕਿ AAHOA ਦੁਨੀਆ ’ਚ ਹੋਟਲ ਮਾਲਕਾਂ ਦੀ ਸਭ ਤੋਂ ਵੱਡੀ ਜੱਥੇਬੰਦੀ ਹੈ।
ਇਹ ਵੀ ਪੜ੍ਹੋ: Tokyo Olympics: ਗੁਰਪ੍ਰੀਤ ਸਿੰਘ 50 ਕਿਲੋਮੀਟਰ ਰੇਸ ’ਚੋਂ ਬਾਹਰ, ਵਧੇਰੇ ਹੁੰਮਸ ਦੌਰਾਨ ਪੈ ਗਿਆ ਸੀ ਕੜਵੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904