Tokyo Olympics: ਟੋਕੀਓ: ਭਾਰਤ ਦੇ ਗੁਰਪ੍ਰੀਤ ਸਿੰਘ (Gurpreet Singh) ਓਲੰਪਿਕ ਦੇ ਪੁਰਸ਼ਾਂ ਦੇ 50 ਕਿਲੋਮੀਟਰ ਰੇਸ ਵਾਕ ਈਵੈਂਟ (Men's 50km Race Walk Event) ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਤੇ ਸ਼ੁੱਕਰਵਾਰ ਨੂੰ ਇੱਥੇ ਗਰਮੀ ਤੇ ਹੁੰਮਸ ਵਾਲੀ ਸਥਿਤੀ ਵਿੱਚ ਕੜਵੱਲ (ਖੱਲੀ ਜਾਂ CRAMP) ਪੈਣ ਕਾਰਨ 35 ਕਿਲੋਮੀਟਰ ਤੋਂ ਬਾਅਦ ਬਾਹਰ ਹੋ ਗਏ।


37 ਸਾਲਾ ਗੁਰਪ੍ਰੀਤ, ਇਸ ਈਵੈਂਟ ਵਿੱਚ ਸਭ ਤੋਂ ਹੇਠਲੇ ਰੈਂਕ ਦੇ ਐਥਲੀਟਾਂ ਵਿੱਚੋਂ ਇੱਕ ਹਨ। ਦੋ ਘੰਟੇ 55 ਮਿੰਟ ਤੇ 19 ਸੈਕੰਡਾਂ ਦੇ ਸਮੇਂ ਨਾਲ ਉਹ 35 ਕਿਲੋਮੀਟਰ ਦੀ ਦੂਰੀ 'ਤੇ 51ਵੇਂ ਸਥਾਨ 'ਤੇ ਸਨ ਪਰ ਉਸ ਤੋਂ ਬਾਅਦ ਉਹ ਰੇਸ ਤੋਂ ਬਾਹਰ ਹੋ ਗਏ।




ਉਨ੍ਹਾਂ ਦੀ ਰਫ਼ਤਾਰ ਬਹੁਤ ਹੌਲ਼ੀ ਹੋ ਗਈ ਸੀ ਤੇ ਉਨ੍ਹਾਂ ਨੂੰ 35 ਕਿਲੋਮੀਟਰ ਦੇ ਨਿਸ਼ਾਨ ਤੋਂ ਬਾਅਦ ਇੱਕ ਪਾਸੇ ਬੈਠਾ ਵੇਖਿਆ ਗਿਆ ਸੀ। ਫਿਰ ਉਸ ਦੌੜ ਨਾਲ ਜਾ ਰਹੀ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਪਰ ਗੁਰਪ੍ਰੀਤ ਸਿੰਘ ਬਹੁਤ ਜ਼ਿਆਦਾ ਮੁਸ਼ਕਲ ਵਿੱਚ ਨਹੀਂ ਜਾਪ ਰਹੇ ਸਨ।


ਗੁਰਪ੍ਰੀਤ ਦਾ ਨਿੱਜੀ ਬੈਸਟ ਸਕੋਰ 3:59:42 ਹੈ, ਜੋ ਉਨ੍ਹਾਂ ਫਰਵਰੀ ਵਿੱਚ ਨੈਸ਼ਨਲ ਓਪਨ ਰੇਸ ਵਾਕ ਚੈਂਪੀਅਨਸ਼ਿਪ ਦੌਰਾਨ ਸੋਨ ਤਮਗਾ ਜਿੱਤਣ ਦੌਰਾਨ ਪ੍ਰਾਪਤ ਕੀਤਾ ਸੀ।


ਸੈਪੋਰੋ ਓਡੋਰੀ ਪਾਰਕ ਵਿਖੇ ਤਾਪਮਾਨ ਲਗਪਗ 25 ਡਿਗਰੀ ਸੈਲਸੀਅਸ ਸੀ ਜਦੋਂ ਇਵੈਂਟ ਸਥਾਨਕ ਸਮੇਂ ਅਨੁਸਾਰ ਸਵੇਰੇ 5:30 ਵਜੇ ਸ਼ੁਰੂ ਹੋਇਆ ਪਰ ਸਵੇਰੇ 9 ਵਜੇ ਖਤਮ ਹੋਣ 'ਤੇ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਗਿਆ ਸੀ। ਨਮੀ ਬਹੁਤ ਜ਼ਿਆਦਾ 80 ਪ੍ਰਤੀਸ਼ਤ ਸੀ। 59 ਐਥਲੀਟਾਂ ਨੇ ਦੌੜ ਦੀ ਸ਼ੁਰੂਆਤ ਕੀਤੀ ਪਰ 12 ਜਣੇ ਜਾਂ ਤਾਂ ਦੌੜ ਖ਼ਤਮ ਨਹੀਂ ਕਰ ਸਕੇ ਅਤੇ ਜਾਂ ਅਯੋਗ ਕਰਾਰ ਦੇ ਦਿੱਤੇ ਗਏ।


ਪੋਲੈਂਡ ਦੇ ਡੇਵਿਡ ਤੋਮਾਲਾ ਨੇ 3:50:08 ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ, ਜਦੋਂਕਿ ਜਰਮਨੀ ਦੇ ਜੋਨਾਥਨ ਹਿਲਬਰਟ (3:50:44) ਤੇ ਕੈਨੇਡਾ ਦੇ ਇਵਾਨ ਡਨਫੀ (3:50:59) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਮਗ਼ਾ ਜਿੱਤਿਆ।


ਇਹ ਵੀ ਪੜ੍ਹੋ: Viral Video: ਮੋਟਰਸਾਈਕਲ ’ਤੇ ਫ਼ਿਲਮੀ ਅੰਦਾਜ਼ ’ਚ ਜੋੜੀ ਦਾ ‘ਪਿਆਰ’ ਲੋਕਾਂ ਲਈ ਬਣਿਆ ‘ਅਸ਼ਲੀਲ’


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904