ਚੰਡੀਗੜ੍ਹ: ਆਮ ਵਿਅਕਤੀ ਉੱਤੇ ਮਹਿੰਗਾਈ ਦੀ ਮਾਰ ਲਗਾਤਾਰ ਵਧਦੀ ਜਾ ਰਹੀ ਹੈ। ਸਬਜ਼ੀਆਂ ਤੇ ਦਾਲਾਂ ਤੋਂ ਬਾਅਦ ਹੁਣ ਖੰਡ, ਦੁੱਧ ਤੇ ਚਾਹ-ਪੱਤੀ ਜਿਹੇ ਜ਼ਰੂਰੀ ਪਦਾਰਥ ਵੀ ਮਹਿੰਗੇ ਹੋ ਗਏ ਹਨ। ਖਪਤਕਾਰ ਮੰਤਰਾਲੇ ਦੀ ਵੈੱਬਸਾਈਟ ਉੱਤੇ ਦਿੱਤੇ ਗਏ ਅੰਕੜਿਆਂ ਅਨੁਸਾਰ 30 ਨਵੰਬਰ ਨੂੰ ਦੇਸ਼ ਦੇ ਪ੍ਰਚੂਨ ਬਾਜ਼ਾਰ ਵਿੱਚ ਖੰਡ ਦੀ ਔਸਤ ਕੀਮਤ 39 ਰੁਪਏ 58 ਪੈਸੇ ਪ੍ਰਤੀ ਕਿਲੋਗ੍ਰਾਮ ਸੀ; ਜੋ 7 ਦਸੰਬਰ ਨੂੰ ਵਧ ਕੇ 43 ਰੁਪਏ 38 ਪੈਸੇ ਹੋ ਗਈ। ਇਸ ਤੋਂ ਇਲਾਵਾ ਖੁੱਲ੍ਹੀ ਚਾਹ ਦੀਆਂ ਕੀਮਤਾਂ 238 ਰੁਪਏ 42 ਪੈਸੇ ਤੋਂ ਵਧ ਕੇ 266 ਰੁਪਏ ’ਤੇ ਪੁੱਜ ਗਈਆਂ ਹਨ।
ਇਸ ਦੇ ਨਾਲ ਹੀ ਦੁੱਧ ਦੇ ਭਾਅ ’ਚ ਵੀ ਲਗਭਗ 7 ਫ਼ੀ ਸਦੀ ਤੱਕ ਦਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਦੁੱਧ ਦੀ ਕੀਮਤ 46 ਰੁਪਏ 74 ਪੈਸੇ ਤੋਂ ਵਧ ਕੇ 50 ਰੁਪਏ ਪ੍ਰਤੀ ਲਿਟਰ ’ਤੇ ਪੁੱਜ ਗਈ ਹੈ। 30 ਨਵੰਬਰ ਦੇ ਬਾਅਦ ਤੋਂ 7 ਦਸੰਬਰ ਤੱਕ ਟਮਾਟਰ 37.86 ਫ਼ੀਸਦੀ ਮਹਿੰਗਾ ਹੋ ਗਿਆ ਹੈ। ਪ੍ਰਚੂਨ ਬਾਜ਼ਾਰ ਵਿੱਚ ਟਮਾਟਰ ਦਾ ਭਾਅ ਲਗਪਗ 49 ਰੁਪਏ 88 ਪੈਸੇ ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਿਆ ਹੈ, ਜਦਕਿ 30 ਨਵੰਬਰ ਨੂੰ ਇਹ ਭਾਅ 36 ਰੁਪਏ 18 ਪੈਸੇ ਪ੍ਰਤੀ ਕਿਲੋਗ੍ਰਾਮ ਸੀ।
ਇਸ ਦੌਰਾਨ ਕਣਕ ਦੀ ਕੀਮਤ ਵਿੱਚ 19.45 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਖ਼ੁਰਾਕੀ ਤੇਲਾਂ ਦੀ ਕੀਮਤ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਹੈ। ਖਜੂਰ ਦੇ ਤੇਲ (ਪਾਮ ਆਇਲ) ਦੀ ਕੀਮਤ 102 ਰੁਪਏ ਤੋਂ ਘਟ ਕੇ 92 ਰੁਪਏ ’ਤੇ ਆ ਗਈ ਹੈ। ਇਸ ਤੋਂ ਇਲਾਵਾ ਸੂਰਜਮੁਖੀ ਤੇਲ ਦਾ ਭਾਅ 124 ਰੁਪਏ ਤੋਂ ਘਟ ਕੇ 123 ਰੁਪਏ ’ਤੇ ਆ ਗਿਆ ਹੈ। ਸਰ੍ਹੋਂ ਦਾ ਤੇਲ 135 ਰੁਪਏ ਤੋਂ ਘਟ ਕੇ 132 ਰੁਪਏ ਪ੍ਰਤੀ ਲਿਟਰ ’ਤੇ ਆ ਗਿਆ ਹੈ।