ਨਵੀਂ ਦਿੱਲੀ: ਦੇਸ਼ ’ਚ ਬਿਨਾ ਸਬਸਿਡੀ ਵਾਲੇ ਐੱਲਪੀਜੀ ਸਿਲੰਡਰ (LPG Cylinder) ਦੀਆਂ ਕੀਮਤਾਂ ’ਚ ਕਟੌਤੀ ਹੋਈ ਹੈ। ਤੇਲ ਤੇ ਗੈਸ ਕੰਪਨੀਆਂ-ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਅਪ੍ਰੈਲ ਦੇ ਮਹੀਨੇ ਰਸੋਈ ਗੈਸ ਦੀਆਂ ਕੀਮਤਾਂ ’ਚ 10 ਰੁਪਏ ਘੱਟ ਕਰਨ ਦਾ ਫ਼ੈਸਲਾ ਲਿਆ ਹੈ। ਹੁਣ ਰਾਜਧਾਨੀ ਦਿੱਲੀ ਤੇ ਮੁੰਬਈ ’ਚ ਬਿਨਾ ਸਬਸਿਡੀ ਵਾਲਾ ਗੈਸ ਸਿਲੰਡਰ 809 ਰੁਪਏ ’ਚ ਮਿਲੇਗਾ। ਕੋਲਕਾਤਾ ’ਚ ਇਸ ਦੀ ਕੀਮਤ 835.50 ਰੁਪਏ ਹੋ ਗਈ ਹੈ।


 
ਚੇਨਈ ’ਚ ਰਸੋਈ ਗੈਸ ਦਾ ਇਹ ਸਿਲੰਡਰ 825 ਰੁਪਏ ਦਾ ਮਿਲੇਗਾ। ਦੱਸ ਦੇਈਏ ਕਿ ਚਾਰੇ ਮੈਟਰੋ ਸ਼ਹਿਰਾਂ ’ਚੋਂ ਸਭ ਤੋਂ ਮਹਿੰਗਾ ਐੱਲਪੀਜੀ ਸਿਲੰਡਰ ਕੋਲਕਾਤਾ ’ਚ ਹੈ। ਸਿਲੰਡਰ ਦੀ ਕੀਮਤ ਵੱਖੋ-ਵੱਖਰੇ ਟੈਕਸ ਕਾਰਣ ਸੂਬਿਆਂ ’ਚ ਅਲੱਗ-ਅਲੱਗ ਹੀ ਹੁੰਦੀ ਹੈ। ਗ਼ੌਰਤਲਬ ਹੈ ਕਿ ਤੇਲ ਕੰਪਨੀਆਂ ਹਰ ਮਹੀਨੇ ਐੱਲਪੀਜੀ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ।

 

ਦੇਸ਼ ਵਿੱਚ ਐੱਲਪੀਜੀ ਸਿਲੰਡਰਾਂ ਦੀ ਦਰ ਮੁੱਖ ਤੌਰ ਉੱਤੇ ਦੋ ਕਾਰਣਾਂ ਉੱਤੇ ਨਿਰਭਰ ਹੈ। ਪਹਿਲਾ ਐੱਲਪੀਜੀ ਦਾ ਇੰਟਰਨੈਸ਼ਨਲ ਬੈਂਚਮਾਰਕ ਰੇਟ ਤੇ ਦੂਜਾ ਅਮਰੀਕੀ ਡਾਲਰ ਤੇ ਰੁਪਏ ਦੀ ਵਟਾਂਦਰਾ ਦਰ।

 

ਦੱਸ ਦੇਈਏ ਕਿ ਫ਼ਰਵਰੀ 2021 ’ਚ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਤਿੰਨ ਵਾਰ ਕੁੱਲ 100 ਰੁਪਏ ਦਾ ਵਾਧਾ ਕੀਤਾ ਗਿਆ ਹੈ; ਜਦ ਕਿ ਮਾਰਚ ਮਹੀਨੇ ਦੀ ਸ਼ੁਰੂਆਤ ’ਚ ਰਸੋਈ ਗੈਸ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਹੋਇਆ ਸੀ। ਕੁੱਲ ਮਿਲਾ ਕੇ ਫ਼ਰਵਰੀ ਤੋਂ ਹੁਣ ਤੱਕ ਸਿਲੰਡਰ ਦੀ ਕੀਮਤ ਵਿੱਚ 125 ਰੁਪਏ ਦਾ ਵਾਧਾ ਹੋਇਆ ਹੈ; ਜਿਸ ਵਿੱਚੋਂ ਹੁਣ ਸਿਰਫ਼ 10 ਰੁਪਏ ਘਟਾਏ ਗਏ ਹਨ।

 

ਦੇਸ਼ ਵਿੱਚ ਹਰੇਕ ਪਰਿਵਾਰ ਨੂੰ ਸਾਲ ’ਚ ਸਬਸਿਡੀ ਵਾਲੇ 12 ਐੱਲਪੀਜੀ ਸਿਲੰਡਰ ਮਿਲਦੇ ਹਨ। ਇਸ ਤੋਂ ਇਲਾਵਾ ਸਿਲੰਡਰ ਵਰਤਣ ’ਤੇ ਸਰਕਾਰ ਵੱਲੋਂ ਸਬਸਿਡੀ ਨਹੀਂ ਮਿਲਦੀ। ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਸਮੇਂ ਦੌਰਾਨ ਪੈਟਰੋਲ ਤੇ ਡੀਜ਼ਲ ਦੇ ਨਾਲ ਹੀ ਰਸੋਈ ਗੈਸ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ।

 

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ