ਨਵੀਂ ਦਿੱਲੀ: ਜੀਐਸਟੀ ਕਾਊਂਸਿਲ ਦੀ ਮੀਟਿੰਗ ਮਗਰੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਊਂਸਿਲ ਵੱਲੋਂ ਲਏ ਫੈਸਲਿਆ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮੀਟਿੰਗ 'ਚ ਕੁਝ ਚੀਜ਼ਾਂ ਦੇ ਜੀਐਸਟੀ ਰੇਟ ਬਦਲ ਦਿੱਤੇ ਗਏ ਹਨ। ਇਹ ਸੂਚੀ ਇਸ ਤਰ੍ਹਾਂ ਹੈ:


ਜੀਐਸਟੀ ਕਾਊਂਸਿਲ ਦੀ ਬੈਠਕ 'ਚ ਵਿਦੇਸ਼ਾਂ ਤੋਂ ਮੰਗਵਾਈਆਂ ਜਾਣ ਵਾਲੀਆਂ ਜੀਵਨ ਰੱਖਿਅਕ ਦਵਾਈਆਂ ਨੂੰ ਜੀਐਸਟੀ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਦਵਾਈਆਂ 'ਚ ਬਹੁਤ ਮਹਿੰਗੀਆਂ ਦਵਾਈਆਂ Zolgensma ਅਤੇ Viltepso ਸ਼ਾਮਲ ਹਨ।


ਕੈਂਸਰ ਨਾਲ ਸਬੰਧਤ ਦਵਾਈਆਂ ਤੇ ਜੀਐਸਟੀ 12 ਫੀਸਦ ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਗਿਆ ਹੈ।


ਫਾਰਮਾਸੂਟੀਕਲ ਡਿਪਾਰਟਮੈਂਟ ਤੋਂ ਸਿਫਾਰਸ਼ ਕੀਤੀਆਂ ਜਾਣ ਵਾਲੀਆਂ 7 ਦਵਾਈਆਂ 'ਤੇ 31 ਦਸੰਬਰ, 2021 ਤਕ ਜੀਐਸਟੀ 12 ਫੀਸਦ ਤੋਂ ਘਟਾ ਕੇ 5 ਫੀਸਦ ਕਰ ਦਿੱਤਾ ਗਿਆ ਹੈ।


GST Council ਨੇ ਕੋਰੋਨਾ ਵਾਇਰਸ ਨਾਲ ਸਬੰਧਤ ਦਵਾਈਆਂ ਤੇ ਜੀਐਸਟੀ ਦੀ ਦਰ ਘੱਟ ਕੀਤੀ ਸੀ। ਇਨ੍ਹਾਂ ਦਵਾਈਆਂ 'ਤੇ ਮਿਲ ਰਹੀ ਛੋਟ 31 ਦਸੰਬਰ, 2021 ਤਕ ਜਾਰੀ ਰਹੇਗੀ। ਇਹ ਛੋਟ ਸਿਰਫ਼ Remdesivir ਜਿਹੀਆਂ ਦਵਾਈਆਂ ਤੇ ਮਿਲੇਗੀ ਨਾ ਕਿ ਕੋਵਿਡ ਦੇ ਇਲਾਜ ਵਿਚ ਵਰਤੇ ਜਾਣ ਵਾਲੇ ਕਿਸੇ ਤਰ੍ਹਾਂ ਦੇ ਉਪਕਰਣਾਂ 'ਤੇ।


ਸੂਬਾ ਸਰਕਾਰਾਂ ਟ੍ਰਾਂਸਪੋਰਟ ਕੰਪਨੀਆਂ ਤੋਂ ਟਰੱਕਾਂ 'ਤੇ ਰਾਸ਼ਟਰੀ ਪਰਮਿਟ ਫੀਸ ਵਸੂਲਦੀਆਂ ਹਨ। ਇਸ ਫੀਸ 'ਤੇ ਜੀਐਸਟੀ ਲੱਗਦਾ ਹੈ। ਜੀਐਸਟੀ ਕਾਊਂਸਿਲ ਨੇ ਅਹਿਮ ਫੈਸਲਾ ਕਰਦਿਆਂ ਰਾਸ਼ਟਰੀ ਪਰਮਿਟ ਫੀਸ 'ਤੇ ਲੱਗਣ ਵਾਲਾ ਜੀਐਸਟੀ ਖ਼ਤਮ ਕਰ ਦਿੱਤਾ ਹੈ। ਇਸ ਤਰ੍ਹਾਂ ਟ੍ਰਾਂਸਪੋਰਟ ਪਹਿਲਾਂ ਤੋਂ ਥੋੜੀ ਸਸਤੀ ਹੋਣ ਦੀ ਉਮੀਦ ਹੈ।


ਰੇਲਵੇ ਸਫ਼ਰ ਹੋਵੇਗਾ ਮਹਿੰਗਾ


ਜੀਐਸਟੀ ਕਾਊਂਸਿਲ ਨੇ ਰੇਲ ਦੇ ਇੰਜਣ ਤੇ ਇਸ ਨਾਲ ਜੁੜੇ ਕੁਝ ਹੋਰ ਪਾਰਟਸ 'ਤੇ ਜੀਐਸਟੀ ਦਰ 12 ਫੀਸਦ ਤੋਂ ਵਧਾ ਕੇ 18 ਫੀਸਦ ਕਰ ਦਿੱਤੀ ਹੈ। ਇਹ ਫੈਸਲਾ ਇਨ੍ਹਾਂ ਚੀਜ਼ਾਂ 'ਤੇ ਕਰ ਦੇ ਢਾਂਚੇ ਨੂੰ ਸਹੀ ਕਰਨ ਲਈ ਲਿਆ ਗਿਆ ਹੈ। ਅਜਿਹੇ 'ਚ ਇਸ ਦਾ ਬੋਝ ਆਮ ਆਦਮੀ ਦੀ ਜੇਬ 'ਤੇ ਪੈ ਸਕਦਾ ਹੈ। ਯਾਨੀ ਰੇਲਵੇ ਸਫ਼ਰ ਮਹਿੰਗਾ ਹੋ ਸਕਦਾ ਹੈ।


ਹਵਾਈ ਸਫ਼ਰ ਹੋਵੇਗਾ ਸਸਤਾ


ਬੈਠਕ 'ਚ ਹਵਾਈ ਜਹਾਜ਼ ਦੇ ਆਯਾਤ ਜਾਂ ਉਨ੍ਹਾਂ ਨੂੰ ਲੀਜ਼ 'ਤੇ ਲੈਣ ਨੂੰ ਲੈਕੇ ਕੁਝ ਫੈਸਲੇ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਇਸ ਨਾਲ ਘਰੇਲੂ ਏਅਰਲਾਇਨਜ਼ ਨੂੰ ਫਾਇਦਾ ਮਿਲੇਗਾ। ਹਾਲਾਂਕਿ ਇਹ ਏਵੀਏਸ਼ਨਜ਼ ਕੰਪਨੀਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਦਾ ਫਾਇਦਾ ਗਾਹਕਾਂ ਨੂੰ ਪਹੁੰਚਾਉਂਦੀਆਂ ਹਨ ਜਾਂ ਨਹੀਂ।


Swiggy, Zomato 'ਤੇ ਟੈਕਸ ਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਐਪ ਰੈਸਟੋਰੈਂਟ ਦੀ ਥਾਂ ਖਾਣੇ 'ਤੇ ਲੱਗਣ ਵਾਲੇ ਟੈਕਸ ਦੀ ਵਸੂਲੀ ਸਰਕਾਰ ਨੂੰ ਦੇਵੇਗੀ।


ਪੈਨ ਮਹਿੰਗੇ ਹੋਣਗੇ


ਮੌਜੂਦਾ ਸਮੇਂ ਕੁਝ ਪੈੱਨ 12 ਫੀਸਦ ਟੈਕਸ ਦੇ ਦਾਇਰੇ ਹੇਠ ਹਨ ਤੇ ਕੁਝ 18 ਫੀਸਦ ਜੀਐਸਟੀ ਦੇ ਹੇਠ ਆਉਂਦੇ ਹਨ। ਰਕ ਹੁਣ ਇਸ ਨੂੰ ਇਕੋ ਜਿਹਾ ਕਰਕੇ 18 ਫੀਸਦ ਕਰ ਦਿੱਤਾ ਗਿਆ ਹੈ। ਇਸ ਕਾਰਨ ਪੈੱਨ ਮਹਿੰਗੇ ਹੋਣ ਦੀ ਸੰਭਾਵਨਾ ਹੈ।