PM Modi Birthday: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਕਿਹਾ ਕਿ ਉਨ੍ਹਾਂ ਦੇ ਜਨਮਦਿਨ 'ਤੇ ਮਿਲੀਆਂ ਬੇਅੰਤ ਵਧਾਈਆਂ ਤੋਂ ਉਹ ਕਿੰਨੇ ਖੁਸ਼ ਹਨ ਇਹ ਬਿਆਨ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ੁੱਭਕਾਮਨਾਵਾਂ ਨਾਲ ਉਨ੍ਹਾਂ ਨੂੰ ਹੋਰ ਸਖ਼ਤ ਮਿਹਨਤ ਕਰਨ ਦੀ ਤਾਕਤ ਮਿਲਦੀ ਹੈ।


ਆਪਣੇ 71ਵੇਂ ਜਨਮਦਿਨ ਤੇ ਸ਼ੁੱਭਕਾਮਨਾਵਾਂ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ, 'ਸਾਡੀ ਸਾਂਝੀ ਯਾਤਰਾ ਜਾਰੀ ਹੈ...ਅਜੇ ਬਹੁਤ ਕੁਝ ਕਰਨਾ ਹੈ। ਉਦੋਂ ਤਕ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ ਜਦੋਂ ਤਕ ਮਜਬੂਤ, ਸਮ੍ਰਿੱਧ ਭਾਰਤ ਦੇ ਆਪਣੇ ਸੁਫ਼ਨੇ ਨੂੰ ਸਾਕਾਰ ਨਹੀਂ ਕਰ ਲੈਂਦੇ। ਜਿਸ ਭਾਰਤ ਲਈ ਸਾਡੇ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ।'






ਲਗਾਤਾਰ ਟਵੀਟ 'ਚ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਹੋਏ ਰਿਕਾਰਡ ਟੀਕਾਕਰਨ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਹਰ ਭਾਰਤੀ ਨੂੰ ਇਸ ਉਪਲਬਧੀ 'ਤੇ ਮਾਣ ਹੋਣਗਾ। ਉਨ੍ਹਾਂ 'ਕਿਹਾ ਡਾਕਟਰਾਂ, ਪ੍ਰਸ਼ਾਸਕਾਂ, ਨਰਸਾਂ, ਸਿਹਤ ਕਰਮੀਆਂ ਤੇ ਫਰੰਟ ਵਰਕਰਸ ਦੇ ਸਾਰੇ ਕਰਮੀਆਂ ਨੇ ਟੀਕਾਕਰਨ ਅਭਿਆਨ ਸਫ਼ਲ ਬਣਾਉਣ ਲਈ ਮਿਹਨਤ ਕੀਤੀ। ਕੋਵਿਡ-19 ਨੂੰ ਹਰਾਉਣ ਲਈ ਅਸੀਂ ਟੀਕਾਕਰਨ ਅਭਿਆਨ ਨੂੰ ਗਤੀ ਦੇਣੀ ਹੈ।'


ਪ੍ਰਧਾਨ ਮੰਤਰੀ ਨੂੰ ਸ਼ੁੱਕਰਵਾਰ ਵਧਾਈ ਦੇਣ ਵਾਲਿਆਂ ਦਾ ਸੋਸ਼ਲ ਮੀਡੀਆ 'ਤੇ ਤਾਂਤਾ ਲੱਗਿਆ ਰਿਹਾ। ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, 'ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦੇਣ ਵਾਲੇ ਹਰ ਕਿਸੇ ਦੇ ਪ੍ਰਤੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਭਾਰ ਪ੍ਰਗਟ ਕਰਦਾ ਹਾਂ। ਮੈਂ ਹਰ ਸ਼ੁਭਕਾਮਨਾ ਦਾ ਆਨੰਦ ਲੈਂਦਾ ਹਾਂ ਤੇ ਇਹ ਮੈਨੂੰ ਦੇਸ਼ ਲਈ ਹੋਰ ਸਖ਼ਤ ਮਿਹਨਤ ਕਰਨ ਲਈ ਤਾਕਤ ਦਿੰਦਾ ਹੈ।'


ਪ੍ਰਧਾਨ ਮੰਤਰੀ ਦੇ ਜਨਮਦਿਨ ਮੌਕੇ ਲੋਕਾਂ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਦਿੱਤੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ ਤੇ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਸਲਾਮ ਕੀਤਾ। ਉਨ੍ਹਾਂ ਬੀਜੇਪੀ ਦੇ ਵਰਕਰਾਂ ਨੂੰ ਵੀ ਇਸ ਮੌਕੇ ਸੇਵਾ ਤੇ ਸਮਰਪਣ ਅਭਿਆਨ ਚਲਾਉਣ ਲਈ ਧੰਨਵਾਦ ਕੀਤਾ।