ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ 3 ਦਸੰਬਰ ਨੂੰ ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ HDFC ਨੂੰ ਸਖ਼ਤ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਕੋਈ ਵੀ ਨਵੀਂ ਡਿਜੀਟਲ ਸਰਵਿਸ ਸ਼ੁਰੂ ਨਾ ਕਰੇ। ਉਸ ਤੋਂ ਬਾਅਦ ਹੁਣ ਬੈਂਕ ਦੇ ਮੁਖੀ ਸ਼ਸ਼ੀਧਰ ਜਗਦੀਸ਼ਨ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਬੈਂਕ ਹੁਣ RBI ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੇਗਾ ਤੇ ਕਿਸੇ ਵੀ ਨਵੀਂ ਡਿਜੀਟਲ ਸੇਵਾ ਨੂੰ ਲਾਂਚ ਕਰਨ ਤੋਂ ਪਹਿਲਾਂ ਰਿਜ਼ਰਵ ਬੈਂਕ ਤੋਂ ਪ੍ਰਵਾਨਗੀ ਲਵੇਗਾ।

ਇਸ ਤੋਂ ਇਲਾਵਾ ਜਗਦੀਸ਼ਨ ਨੇ ਕਿਹਾ ਹੈ ਕਿ ਉਹ ਕੰਪਨੀ ਦੀਆਂ ਆਈਟੀ ਸੇਵਾਵਾਂ ਨੂੰ ਦਰੁਸਤ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਗਾਹਕਾਂ ਤੋਂ ਆਪਣੀ ਸਰਵਿਸ ਵਿੱਚ ਖ਼ਾਮੀ ਨੂੰ ਲੈ ਕੇ ਮੁਆਫ਼ੀ ਵੀ ਮੰਗੀ ਹੈ।

ਜਗਦੀਸ਼ਨ ਨੇ ਗਾਹਕਾਂ ਨੂੰ ਲਿਖੀ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਸਾਡੇ ਬੈਂਕ ਵਿੱਚ ਦੋ ਆਊਟੇਜ ਹੋਏ ਸਨ। ਇੱਕ ਨਵੰਬਰ 2018 ’ਚ ਤੇ ਦੂਜਾ ਦਸੰਬਰ 2019 ’ਚ; ਤਦ ਅਸੀਂ ਉਸ ਨੂੰ ਠੀਕ ਕਰਨ ਲਈ ਬਾਹਰਲੇ ਮਾਹਿਰਾਂ ਦੀ ਮਦਦ ਲਈ ਸੀ। ਤਦ ਹੀ ਅਸੀਂ ਸਮਝ ਗਏ ਸਾਂ ਕਿ ਸਾਨੂੰ ਸੂਚਨਾ ਤਕਨਾਲੋਜੀ ਨਾਲ ਸਬੰਧਤ ਬੁਨਿਆਦੀ ਢਾਂਚਾ ਹੋਰ ਬਿਹਤਰ ਬਣਾਉਣ ਲਈ ਕੀ ਕਰਨ ਦੀ ਜ਼ਰੂਰਤ ਹੈ ਪਰ ਆਸ ਦੇ ਉਲਟ ਨਵੰਬਰ 2020 ’ਚ ਵੀ ਇੰਕ ਹੋਰ ਆਊਟੇਜ ਹੋਇਆ ਤੇ ਉਸ ਦਾ ਕਾਰਣ ਇਹ ਸੀ ਕਿ ਪ੍ਰਾਇਮਰੀ ਡਾਟਾ ਸੈਂਟਰ ’ਚ ਪਾਵਰ ਕੱਟ ਹੋ ਗਿਆ ਸੀ ਪਰ ਹੁਣ ਅਸੀਂ ਇਹ ਸੁਧਾਰਨ ਲਈ ਪੂਰੀ ਮਿਹਨਤ ਕਰ ਰਹੇ ਹਾਂ।

ਦੱਸ ਦੇਈਏ ਕਿ RBI ਨੇ HDFC ਬੈਂਕ ਦੇ ਕਿਸੇ ਵੀ ਨਵੇਂ ਡਿਜੀਟਲ ਲਾਂਚ, ਐਕਟੀਵਿਟੀ, IT ਐਪਲੀਕੇਸ਼ਨ ਤੇ ਕ੍ਰੈਡਿਟ ਕਾਰਡ ਜਾਰੀ ਕਰਨ ਉੱਤੇ ਵੀ ਰੋਕ ਲਾ ਦਿੱਤੀ ਹੈ।