ਨਵੀਂ ਦਿੱਲੀ: ਮੂਡੀਜ਼ (Moody's) ਇਨਵੈਸਟਰਜ਼ ਸਰਵਿਸ ਨੇ ਮੰਗਲਵਾਰ ਨੂੰ ਕੈਲੰਡਰ ਸਾਲ 2020 ਦੇ ਲਈ ਭਾਰਤ ਦੇ ਵਿਕਾਸ (indian GDP) ਦੇ ਅਨੁਮਾਨ ਨੂੰ ਘਟਾ ਕੇ 0.2% ਕਰ ਦਿੱਤਾ, ਜਦਕਿ ਮਾਰਚ ‘ਚ 2.5 ਫੀਸਦ ਰਹਿਣ ਦੀ ਉਮੀਦ ਕੀਤੀ ਗਈ ਸੀ। ਮੂਡੀਜ਼ ਨੂੰ ਉਮੀਦ ਹੈ ਕਿ 2021 ‘ਚ ਭਾਰਤ ਦੀ ਵਿਕਾਸ ਦਰ 6.2 ਪ੍ਰਤੀਸ਼ਤ ਹੋ ਸਕਦੀ ਹੈ।
ਮੂਡੀਜ਼ ਨੇ 'ਗਲੋਬਲ ਮੈਕਰੋ ਆਉਟਲੁੱਕ 2020-21 (ਅਪਰੈਲ 2020 ਨੂੰ ਅਪਡੇਟ ਕੀਤਾ ਗਿਆ)' ਵਿਚ 2020 ਦੌਰਾਨ ਜੀ-20 ਦੇਸ਼ਾਂ ਦੀ ਵਿਕਾਸ ਦਰ ਦੇ ਅਨੁਮਾਨ ‘ਚ 5.8 ਪ੍ਰਤੀਸ਼ਤ ਦੀ ਕਮੀ ਕੀਤੀ। ਮੂਡੀਜ਼ ਨੇ ਕਿਹਾ ਕਿ ਕੋਰੋਨਾਵਾਇਰਸ ਸੰਕਟ ਕਰਕੇ ਆਲਮੀ ਆਰਥਿਕਤਾ ਨੂੰ ਬੰਦ ਕਰਨ ਦੀ ਆਰਥਿਕ ਲਾਗਤ ਤੇਜ਼ੀ ਨਾਲ ਵੱਧ ਰਹੀ ਹੈ।
ਰਿਪੋਰਟ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਜੀ-20 ਦੇਸ਼ਾਂ ਦੀ ਵਿਕਾਸ ਦਰ ਸਮੂਹਿਕ ਤੌਰ ‘ਤੇ 5.8 ਫੀਸਦ ਘਟ ਹੋਏਗੀ। ਸੁਧਾਰਾਂ ਦੇ ਬਾਅਦ ਵੀ ਜ਼ਿਆਦਾਤਰ ਮੋਹਰੀ ਅਰਥਚਾਰਿਆਂ ਦੀ ਵਿਕਾਸ ਦਰ ਕੋਰੋਨਾਵਾਇਰਸ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨਾਲੋਂ ਘੱਟ ਰਹਿਣ ਦੀ ਉਮੀਦ ਹੈ।
ਮੂਡੀਜ਼ ਨੇ ਕਿਹਾ, “ਭਾਰਤ ਨੇ ਦੇਸ਼ ਵਿਆਪੀ ਲੌਕਡਾਊਨ ਨੂੰ 21 ਦਿਨਾਂ ਤੋਂ ਵਧਾ ਕੇ 40 ਦਿਨ ਕਰ ਦਿੱਤਾ, ਪਰ ਅਪਰੈਲ ਦੇ ਅਖੀਰ ਵਿੱਚ ਖੇਤੀਬਾੜੀ ਕਾਰਜਾਂ ਲਈ ਪੇਂਡੂ ਖੇਤਰਾਂ ‘ਚ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ। ਦੇਸ਼ ਨੇ ਇਹ ਸੁਨਿਸ਼ਚਿਤ ਕੀਤਾ ਕਿ ਇਸਦੇ ਬਹੁਤ ਸਾਰੇ ਹਿੱਸੇ ਵਾਇਰਸ ਤੋਂ ਮੁਕਤ ਰਹਿਣ। ਭਾਰਤ ਨੇ ਵੱਖ-ਵੱਖ ਖੇਤਰਾਂ ਨੂੰ ਖੋਲ੍ਹਣ ਲਈ ਪੜਾਅਵਾਰ ਯੋਜਨਾ ਨੂੰ ਅੱਗੇ ਤੋਰਿਆ ਹੈ।”