ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਸੋਮਵਾਰ ਨੂੰ ਕੇਵਾਈਸੀ ਅਪਡੇਸ਼ਨ ਦੇ ਨਾਂ 'ਤੇ ਧੋਖਾਧੜੀ ਤੋਂ ਸਾਵਧਾਨ ਕੀਤਾ ਤੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖਾਤੇ ਦੀ ਡਿਟੇਲ ਜਾਂ ਪਾਸਵਰਡ ਜਿਹੀ ਮਹੱਤਵਪੂਰਨ ਜਾਣਕਾਰੀ ਅਣਜਾਣ ਵਿਅਕਤੀਆਂ ਜਾਂ ਏਜੰਸੀਆਂ ਨਾਲ ਸਾਂਝੀ ਨਾ ਕਰਨ। ਆਰਬੀਆਈ ਨੇ ਕਿਹਾ ਕਿ ਕੇਵਾਈਸੀ ਅਪਡੇਸ਼ਨ ਦੇ ਨਾਂ 'ਤੇ ਗਾਹਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਦੀਆਂ ਸ਼ਿਕਾਇਤਾਂ/ਰਿਪੋਰਟਾਂ ਮਿਲ ਰਹੀਆਂ ਹਨ।


ਅਜਿਹੇ ਮਾਮਲਿਆਂ 'ਚ ਆਮ ਤਰੀਕਿਆਂ ਨਾਲ ਗਾਹਕਾਂ ਨੂੰ ਕਾਲ, SMS, e-mail ਆਦਿ ਤੋਂ ਇਲਾਵਾ ਕੁਝ ਨਿੱਜੀ ਵੇਰਵੇ, ਖਾਤਾ/ਲੌਗਇਨ ਵੇਰਵਾ/ਕਾਰਡ ਵੇਰਵਾ, ਪਿੰਨ, ਓਟੀਪੀ ਸਾਂਝਾ ਕਰਨ ਲਈ ਕਿਹਾ ਜਾਂਦਾ ਹੈ। ਆਰਬੀਆਈ ਨੇ ਇਸ ਤੋਂ ਬਚਣ ਦੀ ਸਲਾਹ ਦਿੱਤੀ ਹੈ। ਨਾਲ ਹੀ ਕਿਸੇ ਅਣਜਾਣ ਲਿੰਕ 'ਤੇ ਕਲਿਕ ਨਾ ਕਰੋ ਤੇ ਕੋਈ ਅਣਜਾਣ ਐਪ ਇੰਸਟਾਲ ਨਾ ਕਰੋ। ਧੋਖਾਧੜੀ ਕਰਨ ਵਾਲੇ ਖਾਤੇ ਨੂੰ ਫ੍ਰੀਜ਼ ਕਰਨ, ਬਲੌਕ ਕਰਨ ਜਾਂ ਬੰਦ ਕਰਨ ਦੀ ਧਮਕੀ ਵੀ ਦਿੰਦੇ ਹਨ।


RBI ਨੇ ਕਿਹਾ ਕਿ ਇਕ ਵਾਰ ਜਦੋਂ ਕੋਈ ਗਾਹਕ ਕਾਲ/ਮੈਸੇਜ਼/ਅਣਅਧਿਕਾਰਤ ਅਰਜ਼ੀ 'ਤੇ ਜਾਣਕਾਰੀ ਸਾਂਝੀ ਕਰਦਾ ਹੈ ਤਾਂ ਧੋਖੇਬਾਜ਼ਾਂ ਵੱਲੋਂ ਉਨ੍ਹਾਂ ਦੇ ਖਾਤੇ ਤਕ ਪਹੁੰਚ ਕੀਤੀ ਜਾਂਦੀ ਹੈ। ਆਰਬੀਆਈ ਨੇ ਕਿਹਾ, "ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਉਹ ਖਾਤੇ ਦੇ ਲੌਗਇਨ ਵੇਰਵੇ, ਨਿੱਜੀ ਜਾਣਕਾਰੀ, ਕੇਵਾਈਸੀ ਦਸਤਾਵੇਜ਼ਾਂ ਦੀਆਂ ਕਾਪੀਆਂ, ਕਾਰਡ ਵੇਰਵੇ, ਪਿੰਨ, ਪਾਸਵਰਡ, ਓਟੀਪੀ ਆਦਿ ਅਣਜਾਣ ਵਿਅਕਤੀਆਂ ਜਾਂ ਏਜੰਸੀਆਂ ਨਾਲ ਸਾਂਝੇ ਨਾ ਕਰਨ।"


ਇਸ ਦੇ ਨਾਲ ਹੀ ਅਜਿਹੇ ਵੇਰਵੇ ਪ੍ਰਮਾਣਿਤ ਜਾਂ ਅਣਅਧਿਕਾਰਤ ਵੈਬਸਾਈਟਾਂ ਜਾਂ ਐਪਲੀਕੇਸ਼ਨਾਂ ਦੁਆਰਾ ਸਾਂਝੇ ਨਹੀਂ ਕੀਤੇ ਜਾਣੇ ਚਾਹੀਦੇ। ਜੇਕਰ ਉਨ੍ਹਾਂ ਨੂੰ ਅਜਿਹਾ ਕੋਈ ਕਾਲ ਜਾਂ ਐਸਐਮਐਸ ਮਿਲਦਾ ਹੈ ਤਾਂ ਗਾਹਕਾਂ ਨੂੰ ਆਪਣੇ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ। ਆਰਬੀਆਈ ਨੇ ਅੱਗੇ ਕਿਹਾ ਕਿ ਰੈਗੁਲੇਟਿਡ ਐਂਟਿਟੀਜ਼ (ਆਰਈਜ਼) ਨੂੰ ਕੇਵਾਈਸੀ ਨੂੰ ਸਮੇਂ-ਸਮੇਂ 'ਤੇ ਅਪਡੇਟ ਕਰਨ ਦੀ ਲੋੜ ਹੁੰਦੀ ਹੈ, ਪਰ ਇਸ ਪ੍ਰਕਿਰਿਆ ਨੂੰ ਬਹੁਤ ਹੱਦ ਤਕ ਸੌਖਾ ਬਣਾ ਦਿੱਤਾ ਗਿਆ ਹੈ।



ਇਹ ਵੀ ਪੜ੍ਹੋ: Gurdas Maan Controversy: ਗੁਰਦਾਸ ਮਾਨ 'ਤੇ ਗ੍ਰਿਫ਼ਤਾਰੀ ਦੀ ਤਲਵਾਰ, ਅਗਾਊਂ ਜ਼ਮਾਨਤ ਲਈ ਪਹੁੰਚੇ ਹਾਈਕੋਰਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904