ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ (Oil Companies) ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ (Petrol Diesel Prices) 'ਚ ਪੰਜਵੇਂ ਦਿਨ ਵੀ ਵਾਧਾ ਹੋਇਆ ਹੈ। ਅੱਜ ਡੀਜ਼ਲ ਦੀ ਕੀਮਤ ਵਿੱਚ 34 ਤੋਂ 39 ਪੈਸੇ ਦਾ ਵਾਧਾ ਹੋਇਆ ਜਦੋਂਕਿ ਪੈਟਰੋਲ ਦੀ ਕੀਮਤ ਵਿੱਚ 31 ਤੋਂ 35 ਪੈਸੇ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਹੁਣ ਹਰ ਸੂਬੇ 'ਚ ਤੇਲ ਦੀਆਂ ਕੀਮਤਾਂ (Fuel Prices) 100 ਰੁਪਏ ਤੋਂ ਉੱਪਰ ਪਹੁੰਚ ਗਈਆਂ ਹਨ। ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਆਦਮੀ ਦੀ ਆਮਦਨ ਪ੍ਰਭਾਵਿਤ ਹੋ ਰਹੀ ਹੈ।
ਦਿੱਲੀ 'ਚ ਪੈਟਰੋਲ ਦੀ ਕੀਮਤ 109.69 ਰੁਪਏ ਜਦਕਿ ਡੀਜ਼ਲ ਦੀ ਕੀਮਤ 98.42 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ 115.50 ਰੁਪਏ ਤੇ ਡੀਜ਼ਲ ਦੀ ਕੀਮਤ 106.62 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 110.15 ਰੁਪਏ ਜਦਕਿ ਡੀਜ਼ਲ ਦੀ ਕੀਮਤ 101.56 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਚੇਨਈ 'ਚ ਪੈਟਰੋਲ 106.35 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 102.59 ਰੁਪਏ ਪ੍ਰਤੀ ਲੀਟਰ ਹੈ।
ਦੱਸ ਦਈਏ ਕਿ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ 'ਤੇ ਐਕਸਾਈਜ਼ ਡਿਊਟੀ ਦੇ ਰੂਪ 'ਚ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ 43,000 ਕਰੋੜ ਰੁਪਏ ਹੋਰ ਕਮਾਏ ਹਨ। ਸਮੀਖਿਆ ਅਧੀਨ ਮਿਆਦ ਦੌਰਾਨ ਇਨ੍ਹਾਂ ਉਤਪਾਦਾਂ 'ਤੇ ਕੁੱਲ ਐਕਸਾਈਜ਼ ਡਿਊਟੀ ਦੀ ਕੁਲੈਕਸ਼ਨ ਸਾਲਾਨਾ ਆਧਾਰ 'ਤੇ 33 ਫੀਸਦੀ ਵਧ ਕੇ 1.71 ਲੱਖ ਕਰੋੜ ਰੁਪਏ ਹੋ ਗਈ। ਇਹ 95,930 ਕਰੋੜ ਦੇ ਪ੍ਰੀ-ਮਹਾਂਮਾਰੀ ਪੱਧਰ (2019) ਨਾਲੋਂ 79 ਪ੍ਰਤੀਸ਼ਤ ਜ਼ਿਆਦਾ ਹੈ।
2020-21 ਦੇ ਅਪ੍ਰੈਲ-ਸਤੰਬਰ ਵਿੱਚ ਕੁੱਲ ਐਕਸਾਈਜ਼ ਡਿਊਟੀ ਕੁਲੈਕਸ਼ਨ 1.28 ਲੱਖ ਕਰੋੜ ਰੁਪਏ ਰਹੀ। ਕੰਟਰੋਲਰ ਜਨਰਲ ਆਫ ਅਕਾਊਂਟਸ (ਸੀਜੀਏ) ਦੇ ਅੰਕੜਿਆਂ ਮੁਤਾਬਕ ਸਰਕਾਰ ਨੇ 2020-21 ਵਿੱਚ ਪੈਟਰੋਲੀਅਮ ਉਤਪਾਦਾਂ 'ਤੇ ਐਕਸਾਈਜ਼ ਡਿਊਟੀ ਦੇ ਰੂਪ ਵਿੱਚ ਕੁੱਲ 3.89 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਅੰਕੜਾ 2019-20 ਵਿੱਚ 2.39 ਲੱਖ ਕਰੋੜ ਤੇ 2018-19 ਵਿੱਚ 2.3 ਲੱਖ ਕਰੋੜ ਰੁਪਏ ਸੀ।
CGA ਮੁਤਾਬਕ, 2020-21 ਦੀ ਪਹਿਲੀ ਛਿਮਾਹੀ ਵਿੱਚ ਪੈਟਰੋਲੀਅਮ ਉਤਪਾਦਾਂ 'ਤੇ ਵਧੀ ਹੋਈ ਐਕਸਾਈਜ਼ ਡਿਊਟੀ ਕੁਲੈਕਸ਼ਨ 42,931 ਕਰੋੜ ਰੁਪਏ ਰਹੀ। ਉਦਯੋਗਿਕ ਸੂਤਰਾਂ ਦਾ ਕਹਿਣਾ ਹੈ ਕਿ ਤੇਲ ਦੀ ਮੰਗ ਵਿੱਚ ਵਾਧੇ ਦੇ ਨਾਲ ਅਰਥਵਿਵਸਥਾ ਵਿੱਚ ਤੇਜ਼ੀ ਨਾਲ ਰਿਕਵਰੀ ਕਾਰਨ 2021-22 ਵਿੱਚ ਵਧੀ ਹੋਈ ਐਕਸਾਈਜ਼ ਡਿਊਟੀ ਕੁਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਪਿਛਲੇ ਸਾਲ ਪੈਟਰੋਲ 'ਤੇ ਐਕਸਾਈਜ਼ ਡਿਊਟੀ 19.98 ਰੁਪਏ ਤੋਂ ਵਧਾ ਕੇ 32.9 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਸੀ। ਡੀਜ਼ਲ 'ਤੇ ਇਹ 31.80 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਇਹ ਵੀ ਪੜ੍ਹੋ: India Post Recruitment 2021: ਇਸ ਸੂਬੇ 'ਚ ਨਿਕਲੀਆਂ ਇੰਡੀਆ ਪੋਸਟ ਦੀਆਂ ਅਸਾਮੀਆਂ, ਸਪੋਰਟਸ ਕੋਟਾ 'ਚ ਹੋਵੇਗੀ ਭਰਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/