ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨੇ ਇਮਿਊਨਿਟੀ ਬੂਸਟਰ ਤੇ ਸਵੱਛਤਾ ਨਾਲ ਸਬੰਧਤ ਉਤਪਾਦਾਂ ਦੀ ਮੰਗ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀਆਂ ਦੀ ਵਿਕਰੀ ’ਚ ਪਿਛਲੇ 7 ਤੋਂ 10 ਦਿਨਾਂ ਅੰਦਰ ਜ਼ਬਰਦਸਤ ਉਛਾਲ ਆਇਆ ਹੈ। ਅੰਕੜਿਆਂ ਨੂੰ ਵੇਖ ਕੇ ਅੰਦਾਜ਼ਾ ਹੈ ਕਿ ਵਾਇਰਸ ਦੀ ਲਾਗ ਦੇ ਵਧਦੇ ਮਾਮਲਿਆਂ ਨਾਲ ਇੱਕ ਵਾਰ ਫਿਰ ਇਸ ਸ਼੍ਰੇਣੀ ਦੇ ਉਤਪਾਦਾਂ ਦੀ ਵਿਕਰੀ ਨੂੰ ਹੱਲਾਸ਼ੇਰੀ ਮਿਲੇਗੀ।
ਪਿਛਲੇ ਕੁਝ ਮਹੀਨਿਆਂ ਤੋਂ ਇਮਿਊਨਿਟੀ ਪ੍ਰੋਡਕਟਸ ਦੀ ਵਿਕਾਸ ਦਰ ਰੁਕ ਗਈ ਸੀ ਅਤੇ ਕਲੀਨਿੰਗ ਪ੍ਰੋਡਕਟਸ ਦੀ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ ਸੀ ਪਰ ਕੰਪਨੀਆਂ ਤੇ ਪ੍ਰਚੂਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਸਕ, ਹੈਂਡ ਸੈਨੀਟਾਈਜ਼ਰ, ਕੀਟਾਣੂ ਨਾਸ਼ਕਾਂ, ਵਿਟਾਮਿਨਜ਼, ਸਪਲੀਮੈਂਟਸ ਤੇ ਇਮਿਊਨਿਟੀ ਬੂਸਟਰ ਦੀ ਵਿਕਰੀ ਮਹਾਰਾਸ਼ਟਰ, ਦਿੱਲੀ, ਗੁਜਰਾਤ ਤੇ ਪੰਜਾਬ ਦੇ ਬਾਜ਼ਾਰਾਂ ’ਚ ਵਧੀ ਹੈ; ਜਿੱਥੇ ਕੋਵਿਡ-19 ਦੇ ਮਾਮਲਿਆਂ ’ਚ ਉਛਾਲ ਵੇਖਿਆ ਜਾ ਰਿਹਾ ਹੈ।
ਆਈਟੀਸੀ (ITC) ਦੇ ਸਮਰੀ ਸਤਪਥੀ ਦੱਸਦੇ ਹਨ ਕਿ ਕੁਝ ਇਲਾਕਿਆਂ ’ਚ ਸਵੱਛਤਾ ਪੋਰਟਫ਼ੋਲੀਓ ਦੀ ਮੰਗ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਮਾਨ ਦੇ ਪਹੁੰਚਾਉਣ ਦਾ ਮਜ਼ਬੂਤ ਤਰੀਕਾ ਸਾਨੂੰ ਉੱਭਰਦੀ ਮੰਗ ਦੇ ਰੁਝਾਨ ਨੂੰ ਪੂਰਾ ਕਰਨ ਦੇ ਸਮਰੱਥ ਬਣਾਉਂਦਾ ਹੈ।
ਮੈਟਰੋ ਕੈਸ਼ ਐਂਡ ਕੈਰੀ ਇੰਡੀਆ ਅਨੁਸਾਰ ਸ਼ਹਿਦ, ਚਯਵਨਪ੍ਰਾਸ਼, ਗ੍ਰੀਨ ਟੀ, ਨਿੰਮ ਤੇ ਤੁਲਸੀ ਦੇ ਡ੍ਰਿੰਕਸ ਦੀ ਮੰਗ ਵਿੱਚ ਪਿਛਲੇ 15 ਦਿਨਾਂ ਦੌਰਾਨ 60 ਫ਼ੀ ਸਦੀ ਦਾ ਉਛਾਲ ਪਿਛਲੇ ਸਾਲ ਦੇ ਮੁਕਾਬਲੇ ਵੇਖਣ ਨੂੰ ਮਿਲਿਆ ਹੈ। ਸਾਬਣ ਵਿੱਚ 157 ਫ਼ੀਸਦੀ, ਮਾਸਕ ’ਚ 73 ਫ਼ੀਸਦੀ, ਵਿਟਾਮਿਨਜ਼ ਤੇ ਸਪਲੀਮੈਂਟਸ ਦੀ ਵਿਕਰੀ ’ਚ 30 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।
ਕੋਵਿਡ-19 ਨਾਲ ਸਬੰਧਤ ਉਤਪਾਦਾਂ ਦੀ ਮੌਜੂਦਗੀ ਨੂੰ ਸਾਰੇ ਸਟੋਰਜ਼ ਨੇ ਵਧਾ ਦਿੱਤਾ ਹੈ। ਗ੍ਰੋਫ਼ਰਜ਼ ਨੇ ਦੱਸਿਆ ਕਿ ਇਮਿਊਨਿਟੀ ਬੂਸਟਰ ਤੇ ਸਵੱਛਤਾ ਪ੍ਰੋਡਕਟਸ ਦੀ ਹਫ਼ਤਾਵਾਰੀ ਵਿਕਰੀ ਮੁੰਬਈ ਤੇ ਪੁਣੇ ਜਿਹੇ ਸ਼ਹਿਰਾਂ ’ਚ ਲਗਭਗ 30 ਫ਼ੀਸਦੀ ਵਧ ਗਈ ਹੈ। ਕੀਟਾਣੂ ਨਾਸ਼ਕਾਂ ਦੀ ਵਿਕਰੀ 50 ਫ਼ੀ ਸਦੀ ਤੱਕ ਵਧੀ ਹੈ।
ਗੋਦਰੇਜ ਕੰਪਨੀ ਅਨੁਸਾਰ ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ ਵਿੱਚ ਕੀਟਾਣੂਆਂ ਨੂੰ ਮਾਰਨ ਵਾਲੀ ਸਮੱਗਰੀ ਤੇ ਐਂਟੀ ਵਾਇਰਲ ਫ਼ਿਲਟਰ ਵੱਲ ਵੀ ਲੋਕਾਂ ਦਾ ਰੁਝਾਨ ਵੇਖਿਆ ਜਾ ਰਿਹਾ ਹੈ। ਫ਼ਲਿਪਕਾਰਟ ਦੇ ਹਰੀ ਜੀ. ਕੁਮਾਰ ਦੱਸਦੇ ਹਨ ਕਿ ਕੋਵਿਡ-19 ਮਹਾਮਾਰੀ ਨੇ ਗਾਹਕਾਂ ਦੀਆਂ ਤਰਜੀਹਾਂ ਬਦਲ ਕੇ ਰੱਖ ਦਿੱਤੀਆਂ ਹਨ। ਹੁਣ ਉਨ੍ਹਾਂ ਨੂੰ ਏਅਰ ਪਿਓਰੀਫ਼ਾਇਰ ਜਿਹੇ ਉਪਕਰਣਾਂ ਦੀ ਭਾਲ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904