ਨਵੀਂ ਦਿੱਲੀ: ਮੁਕੇਸ਼ ਅੰਬਾਨੀ (Mukesh Ambani) ਦੀ ਮਾਲਕੀ ਵਾਲੀ ਰਿਲਾਇੰਸ ਜੀਓ (Reliance Jio) ਵਿੱਚ ਇਨ੍ਹੀਂ ਦਿਨੀਂ ਨਿਵੇਸ਼ਕਾਂ ਦੀ ਝੜੀ ਲਗੀ ਹੋਈ ਹੈ। ਜਿੱਥੇ ਫੇਸਬੁੱਕ ਨੇ ਸਭ ਤੋਂ ਪਹਿਲਾਂ ਰਿਲਾਇੰਸ ਜਿਓ ‘ਚ 9.99 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦੀ। ਇਸ ਦੇ ਨਾਲ ਹੀ ਸਿਲਵਰ ਲੇਕ (Silver lake) ਨੇ ਰਿਲਾਇੰਸ ਜੀਓ ਵਿਚ 1.15 ਪ੍ਰਤੀਸ਼ਤ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ। ਅੱਜ ਪ੍ਰਾਈਵੇਟ ਇਕਵਿਟੀ ਫਰਮ ਵਿਸਟਾ ਇਕੁਇਟੀ (Vista Equity) ਪਾਰਟਨਰਜ਼ ਨੇ ਰਿਲਾਇੰਸ ਜਿਓ ਪਲੇਟਫਾਰਮਸ ਵਿਚ 11327 ਕਰੋੜ ਰੁਪਏ ਵਿਚ 2.32% ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। ਰਿਲਾਇੰਸ ਜਿਓ ਪਲੇਟਫਾਰਮ ਦੁਆਰਾ ਪਿਛਲੇ 2 ਹਫਤਿਆਂ ਵਿੱਚ ਇਹ ਤੀਸਰਾ ਵੱਡਾ ਨਿਵੇਸ਼ ਸੌਦਾ ਹੈ।


ਇਸ ਸੌਦੇ ਨਾਲ ਵਿਸਟਾ ਇਕੁਇਟੀ ਫੇਸਬੁੱਕ ਤੋਂ ਬਾਅਦ ਜਿਓ ਪਲੇਟਫਾਰਮਸ ‘ਚ ਦੂਜੀ ਵੱਡੀ ਘੱਟਗਿਣਤੀ ਹਿੱਸੇਦਾਰ ਬਣ ਗਈ ਹੈ। ਇਸ ਨਿਵੇਸ਼ ਦੀ ਗੱਲ ਕਰੀਏ ਤਾਂ ਜਿਓ ਪਲੇਟਫਾਰਮਸ ਦੀ ਇਕੁਇਟੀ ਵੈਲਿਊ 4.91 ਲੱਖ ਕਰੋੜ ਰੁਪਏ ਅਨੁਮਾਨ ਲਾਇਆ ਗਿਆ ਹੈ ਜਦੋਂ ਕਿ ਐਂਟਰਪ੍ਰਾਈਜ਼ ਵੈਲਿਊ ਦਾ ਅਨੁਮਾਨ ਲਗਪਗ 5.16 ਲੱਖ ਕਰੋੜ ਰੁਪਏ ਹੈ।

ਫੇਸਬੁੱਕ ਬਣੀ ਸਭ ਤੋਂ ਵੱਡੀ ਨਿਵੇਸ਼ਕ:

ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੀ ਰਿਲਾਇੰਸ ਦੀ ਜਿਓ ਪਲੇਟਫਾਰਮ ਲਿਮਟਿਡ ਵਿੱਚ ਫੇਸਬੁੱਕ ਨੇ 9.99 ਫੀਸਦ ਦੀ ਹਿੱਸੇਦਾਰੀ ਖਰੀਦੀ ਹੈ। ਇਸ ਦੇ ਲਈ ਫੇਸਬੁੱਕ ਨੇ 43,574 ਕਰੋੜ ਰੁਪਏ ਅਦਾ ਕੀਤੇ ਹਨ। ਇਸ ਹਿੱਸੇਦਾਰੀ ਦੇ ਨਾਲ ਫੇਸਬੁੱਕ, ਰਿਲਾਇੰਸ ਜਿਓ ਵਿੱਚ ਸਭ ਤੋਂ ਵੱਡਾ ਸ਼ੇਅਰ ਧਾਰਕ ਬਣ ਗਿਆ ਹੈ. ਇਸ ਸੌਦੇ ਦੀ ਗੱਲ ਕਰੀਏ ਤਾਂ ਰਿਲਾਇੰਸ ਦੇ ਜਿਓ ਪਲੇਟਫਾਰਮਸ ਦੀ ਕੀਮਤ 4.62 ਲੱਖ ਕਰੋੜ ਰੁਪਏ ਰੱਖੀ ਗਈ ਹੈ।

ਜਦਕਿ, ਸਿਲਵਰ ਲੇਕ ਦੇ ਨਿਵੇਸ਼ ਤੋਂ ਬਾਅਦ, ਰਿਲਾਇੰਸ ਜਿਓ ਪਲੇਟਫਾਰਮਸ ਦੀ ਕੀਮਤ ਹੋਰ ਵੀ ਵਧ ਗਈ ਹੈ। ਸਿਲਵਰ ਲੇਕ ਦੇ ਨਿਵੇਸ਼ ਤੋਂ ਬਾਅਦ ਜਿਓ ਪਲੇਟਫਾਰਮਸ ਦੀ ਇਕੁਇਟੀ ਵੈਲਿਯੂ 4.90 ਲੱਖ ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਦਕਿ ਐਂਟਰਪ੍ਰਾਈਜ਼ ਵੈਲਿਯੂ 5.15 ਲੱਖ ਰੁਪਏ ਦੱਸੀ ਗਈ ਹੈ। ਪਰ, ਹੁਣ ਉਸੇ ਹੀ ਕੀਮਤ 'ਤੇ ਵਿਸਟਾ ਇਕੁਇਟੀ ਨੇ ਵੀ ਜੀਓ ਪਲੇਟਫਾਰਮਸ ਵਿਚ 2.32% ਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ।

2021 ਤੱਕ ਕਰਜ਼ਾ ਮੁਕਤ ਹੋਣ ਦੀ ਤਿਆਰੀ:

ਰਿਲਾਇੰਸ ਇੰਡਸਟਰੀਜ਼ ਲਿਮਟਿਡ ਪਹਿਲਾਂ ਹੀ ਇ$ਕ ਵੱਡਾ ਐਲਾਨ ਕਰ ਚੁੱਕੀ ਹੈ। ਰਿਲਾਇੰਸ ਨੇ ਮਾਰਚ 2021 ਤੱਕ ਕਰਜ਼ਾ ਮੁਕਤ ਬਣਨ ਦਾ ਟੀਚਾ ਮਿੱਥਿਆ ਹੈ। ਦਸੰਬਰ 2019 ਦੇ ਅੰਕੜਿਆਂ ਦੇ ਮੁਤਾਬਕ, ਰਿਲਾਇੰਸ ਇੰਡਸਟਰੀਜ਼ ਲਿਮਟਿਡ ‘ਤੇ 1.53 ਲੱਖ ਕਰੋੜ ਰੁਪਏ ਦਾ ਸ਼ੁੱਧ ਕਰਜ਼ਾ ਹੈ। ਇਸੇ ਤਰਤੀਬ ‘ਚ ਕੰਪਨੀ ਪਹਿਲਾਂ ਹੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਵਿਚ 20% ਹਿੱਸੇਦਾਰੀ ਸਾਊਦੀ ਅਰਾਮਕੋ ਨੂੰ ਤਕਰੀਬਨ 1,14,000 ਕਰੋੜ ਰੁਪਏ ਵਿਚ ਵੇਚਣ ਦੀ ਗੱਲ ਕਰ ਰਹੀ ਹੈ।