ਜਲੰਧਰ: ਜਲੰਧਰ ਦਿਹਾਤੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 11 ਕਿੱਲੋ ਹੈਰੋਇਨ ਸਮੇਤ ਕਾਬੂ ਕੀਤੀ ਹੈ। ਪੁਲਿਸ ਨੇ ਦੋਨਾਂ ਨੂੰ ਇੱਕ ਬੱਸ ਵਿੱਚੋਂ ਕਾਬੂ ਕੀਤਾ ਹੈ। ਦੋਵੇਂ ਹੈਰੋਇਨ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਲਿਆਏ ਸਨ ਤੇ ਇਸ ਨੂੰ ਉਨ੍ਹਾਂ ਨੇ ਅੰਮ੍ਰਿਤਸਰ ਲੈ ਕੇ ਜਾਣਾ ਸੀ।
ਫੜੇ ਗਏ ਤਸਕਰਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਕਿੰਦੀ ਤੇ ਰਮਨ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਫਿਲੌਰ ਨੇੜੇ ਸਤਲੁਜ ਪੁਲ 'ਤੇ ਨਾਕਾਬੰਦੀ ਦੌਰਾਨ ਇਨ੍ਹਾਂ ਦੋਵਾਂ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸਤਲੁਜ ਪੁਲ ‘ਤੇ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਜਦੋਂ ਟੀਮ ਨੇ ਜਾਂਚ ਲਈ ਬੱਸ ਰੋਕੀ ਤੇ ਉਸ ਦੀ ਦੀ ਚੈਕਿੰਗ ਕਰਨ ਲੱਗੇ ਤਾਂ ਕੁਲਵਿੰਦਰ ਤੇ ਰਮਨ ਬੱਸ ਤੋਂ ਉਤਰਨ ਲੱਗੇ। ਉਨ੍ਹਾਂ ਨੂੰ ਫੜ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਬੈਗਾਂ ਵਿੱਚੋਂ 11 ਪੈਕੇਟ ਹੈਰੋਇਨ ਬਰਾਮਦ ਹੋਈ।
ਮਾਹਲ ਨੇ ਦੱਸਿਆ ਕਿ ਕੁਲਵਿੰਦਰ ਤੇ ਰਮਨ ਦੋਵੇਂ ਫਿਰੋਜ਼ਪੁਰ ਖੇਤਰ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਨਸ਼ਾ ਵੀ ਲੈਂਦੇ ਹਨ, ਜਿਨ੍ਹਾਂ ਤੋਂ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੁਲਵਿੰਦਰ ਤੇ ਰਮਨ ਹੈਰੋਇਨ ਕਿਹੜੇ ਤਸਕਰਾਂ ਕੋਲੋਂ ਲੈ ਕੇ ਆਏ ਸਨ ਤੇ ਕਿਸ ਨੂੰ ਇਹ ਖੇਪ ਅੰਮ੍ਰਿਤਸਰ ਭੇਜਣੀ ਸੀ।