ਤਰਨ ਤਾਰਨ: ਸਰਹੱਦੀ ਇਲਾਕੇ 'ਚ ਦੇਰ ਰਾਤ ਕਰੀਬ ਇਕ ਵਜੇ ਕਾਰ ਸਵਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਸਵਾਰ ਇਕ ਹਫਤਾ ਪਹਿਲਾਂ  ਕੈਨੇਡਾ ਤੋਂ ਵਾਪਸ ਆਇਆ ਸੀ ਕਲ੍ਹ ਰਾਤ ਤਰਨਤਾਰਨ 'ਚ ਆਪਣੀ ਗੱਡੀ ਵਿੱਚ ਆਪਣੇ ਦੋਸਤਾਂ ਦੇ ਨਾਲ  ਘੁੰਮ ਰਿਹਾ ਸੀ ਮੋਟਰਸਾਈਕਲ ਤੇ ਅਣਪਛਾਤੇ ਦੋ ਨੌਜਵਾਨ ਸਵਾਰ ਹੋ ਕੇ ਆਏ ਤਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਕ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ ਅਤੇ ਨੌਜਵਾਨ ਦੀ ਗੱਡੀ ਦਾ ਟੈਰ ਤਕ ਫਟ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਜਤਿੰਦਰ ਪਾਲ ਸਿੰਘ ਵਜੋਂ ਹੋਈ ਹੈ।ਇਸ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਥਾਣਾ ਸਿਟੀ ਮੁਖੀ ਸਬ ਇੰਸਪੈਕਟਰ ਬਲਜੀਤ ਕੌਰ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।  


ਜਾਣਕਾਰੀ ਅਨੁਸਾਰ ਜਤਿੰਦਰਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਸੁਹਾਵਾ ਜ਼ਿਲ੍ਹਾ ਤਰਨਤਾਰਨ ਕੈਨੇਡਾ ਤੋਂ ਕੁਝ ਦਿਨ ਪਹਿਲਾਂ ਆਪਣੇ ਪਿੰਡ ਪੁੱਜਾ ਸੀ। ਬੀਤੀ ਰਾਤ ਜਤਿੰਦਰਪਾਲ ਸਿੰਘ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਵਿਚ ਖਾਣਾ ਖਾਣ ਲਈ ਆਇਆ ਸੀ। ਕਰੀਬ ਇੱਕ ਵਜੇ ਉਸ ਦੀ ਸਥਾਨਕ ਚਾਰ ਖੱਬਾ ਚੌਕ ਨਜ਼ਦੀਕ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।

ਇਸ ਦੌਰਾਨ ਗੰਭੀਰ ਹਾਲਤ ਵਿਚ ਜਤਿੰਦਰਪਾਲ ਸਿੰਘ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਉਸਦੀ ਮੌਤ ਹੋ ਗਈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਵੱਲੋਂ ਸ਼ਹਿਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। 


ਤਰਨਤਾਰਨ ਦੇ ਡੀਐਸਪੀ ਬਰਜਿੰਦਰ  ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਦੇ ਨਾਲ ਕਾਰ ਵਿੱਚ ਸਵਾਰ ਉਸ ਦੇ ਦੋਸਤਾਂ ਕੋਲੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਜਲਦ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।