Crime news: ਪਿਛਲੇ ਦਿਨੀਂ ਬਠਿੰਡਾ ਦੇ ਮਲੋਟ ਰੋਡ ‘ਤੇ ਵਾਪਰੇ ਸੜਕ ਹਾਦਸੇ ਦੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਦੱਸ ਦਈਏ ਕਿ ਮਲੋਟ ਰੋਡ ‘ਤੇ ਵਾਪਰਿਆ ਸੜਕ ਹਾਦਸਾ ਕਤਲ ਦਾ ਕੇਸ ਨਿਕਲਿਆ। ਇਸ ਮਾਮਲੇ ਬਾਰੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।


ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਨੇ ਦੱਸਿਆ ਕਿ 9 ਅਪ੍ਰੈਲ ਨੂੰ ਗਿੱਦੜਬਾਹਾ ਦੇ ਰਹਿਣ ਵਾਲੇ ਲਖਵੀਰ ਸਿੰਘ ਦੀ ਲਾਸ਼ ਅਤੇ ਸਕੂਟੀ ਮਲੋਟ ਰੋਡ ਤੋਂ ਮਿਲੀ ਸੀ। ਐਸਐਸਪੀ ਦੇ ਅਨੁਸਾਰ ਲਖਵੀਰ ਸਿੰਘ ਦੇ ਭਰਾ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ’ਤੇ ਥਰਮਲ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਾਹਨ ਵੱਲੋਂ ਫੇਟ ਮਾਰਨ ’ਤੇ ਹਾਦਸੇ ਦਾ ਕੇਸ ਦਰਜ ਕਰ ਲਿਆ ਸੀ ਪਰ ਪੁਲਿਸ ਨੂੰ ਮਾਮਲਾ ਸ਼ੱਕੀ ਲੱਗਿਆ। ਇਸ ਕਾਰਨ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਪੁਲਿਸ ਨੇ ਟੀਮ ਬਣਾਈ।


ਇਹ ਵੀ ਪੜ੍ਹੋ: ਵਿਆਹ ਕਰਵਾ ਵਿਦੇਸ਼ ਲੈ ਕੇ ਜਾਣ ਦਾ ਕੁੜੀ ਨੇ ਦਿੱਤਾ ਝਾਂਸਾ, ਫਿਰ ਮਾਰੀ 30 ਲੱਖ ਰੁਪਏ ਦੀ ਠੱਗੀ


SSP ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਹਾਦਸਾ ਨਹੀਂ ਸਗੋਂ ਇਹ ਕਤਲ ਸਾਜਿਸ਼ ਤਹਿਤ ਕੀਤਾ ਗਿਆ ਸੀ। ਪੁਲਿਸ ਨੇ ਧਾਰਾ 302 ਤਹਿਤ ਜਸਵਿੰਦਰ ਸਿੰਘ ਕਾਲਾ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਜਤਿੰਦਰ ਸਿੰਘ ਉਰਫ਼ ਜਿੰਦੂ ਵਾਸੀ ਦੋਦਾ ਅਤੇ ਰੁਪਿੰਦਰ ਸਿੰਘ ਪਿੰਦਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਨਾਮਜ਼ਦ ਕੀਤਾ ਹੈ। ਜਸਵਿੰਦਰ ਸਿੰਘ ਮ੍ਰਿਤਕ ਲਖਵੀਰ ਸਿੰਘ ਦਾ ਚਾਚਾ ਹੈ, ਜਿਸ ਦਾ ਇੱਕ ਸਾਲ ਪਹਿਲਾਂ ਲਖਵੀਰ ਸਿੰਘ ਨਾਲ ਵਿਆਹ ਹੋਇਆ ਸੀ।


ਜਸਵਿੰਦਰ ਸਿੰਘ ਦੇ ਲਖਵੀਰ ਸਿੰਘ ਦੀ ਪਤਨੀ ਨਾਲ ਸੀ ਨਾਜਾਇਜ਼ ਸਬੰਧ


ਜਾਂਚ ਵਿੱਚ ਸਾਹਮਣੇ ਆਇਆ ਕਿ ਜਸਵਿੰਦਰ ਸਿੰਘ ਦੇ ਲਖਵੀਰ ਸਿੰਘ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਬਾਰੇ ਲਖਵੀਰ ਸਿੰਘ ਨੂੰ ਸ਼ੱਕ ਹੋ ਗਿਆ ਸੀ। ਇਸ ਸਬੰਧੀ ਜਸਵਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਲਖਵੀਰ ਨੇ ਉਸ ਦੀ ਵੀਡੀਓ ਬਣਾਈ ਹੈ। ਇਸੇ ਕਾਰਨ ਜਸਵਿੰਦਰ ਨੇ ਆਪਣੇ ਦੋਸਤਾਂ ਨਾਲ ਸਾਜ਼ਿਸ਼ ਰਚ ਕੇ ਲਖਵੀਰ ਸਿੰਘ ਨੂੰ ਮਲੋਟ ਰੋਡ ‘ ਤੇ ਬਹਾਨੇ ਨਾਲ ਬੁਲਾ ਲਿਆ। ਉੱਥੇ ਜਤਿੰਦਰ ਅਤੇ ਰੁਪਿੰਦਰ ਨੇ ਲਖਵੀਰ ਸਿੰਘ ਦੇ ਸਿਰ ਵਿੱਚ ਰਾਡ ਮਾਰ ਕੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਕਤਲ ਨੂੰ ਹਾਦਸਾ ਬਣਾਉਣ ਲਈ ਉਸ 'ਤੇ ਟਰਾਲੀ ਪਾ ਦਿੱਤੀ। ਜਾਂਦੇ ਸਮੇਂ ਉਹ ਮ੍ਰਿਤਕ ਦਾ ਮੋਬਾਈਲ ਫੋਨ ਵੀ ਲੈ ਗਏ। ਪੋਸਟ ਮਾਰਟਮ ਰਿਪੋਰਟ 'ਚ ਸੱਟ ਦੇ ਨਿਸ਼ਾਨ ਸਾਹਮਣੇ ਆਉਣ 'ਤੇ ਪੁਲਿਸ ਦਾ ਸ਼ੱਕ ਹੋਰ ਵੱਧ ਗਿਆ। ਮੁਲਜ਼ਮਾਂ ਕੋਲੋਂ ਰਾਡ ਅਤੇ ਟਰਾਲੀ ਬਰਾਮਦ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।  


ਇਹ ਵੀ ਪੜ੍ਹੋ: Punjab News: ਪੰਜਾਬ ਵਾਸੀਆਂ ਨੂੰ ਵੱਡੀ ਰਾਹਤ, ਸਟੈਂਪ ਡਿਊਟੀ ਤੇ ਫੀਸ ’ਚ ਛੋਟ ਦੀ ਤਰੀਕ 15 ਮਈ ਤੱਕ ਵਧਾਈ