ਯਮੁਨਾਨਗਰ: ਯਮੁਨਾਨਗਰ ਦੇ ਉਦਯੋਗਪਤੀ ਦੀ ਨਾਬਾਲਗ ਧੀ ਬੁੱਧਵਾਰ ਦੇਰ ਸ਼ਾਮ ਆਪਣੀ ਕਾਰ ਵਿੱਚ ਸਵਾਰ ਹੋ ਕੇ ਬਰਗਰ ਖਾਣ ਗਈ ਤੇ ਅਚਾਨਕ ਗਾਇਬ ਹੋ ਗਈ। ਕੁਝ ਸਮੇਂ ਬਾਅਦ, ਇਸੇ ਲੜਕੀ ਦੇ ਮੋਬਾਈਲ ਫੋਨ ਤੋਂ ਵਟਸਐਪ ਤੇ ਈਮੇਲ ਜ਼ਰੀਏ ਦੋ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਪਰਿਵਾਰ ਕੋਲੋਂ ਕੀਤੀ ਗਈ।


ਇਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ। ਪੁਲਿਸ ਦੀ ਜਾਂਚ ਦੌਰਾਨ ਲੜਕੀ ਦੀ ਕਾਰ ਸੈਕਟਰ 18 ਦੀ ਮਾਰਕੀਟ ਵਿੱਚ ਲਵਾਰਿਸ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਸਰਗਰਮੀ ਦਿਖਾਉਂਦੇ ਹੋਏ ਸਾਰੀ ਰਾਤ ਨਾਬਾਲਗ ਲੜਕੀ ਦੀ ਭਾਲ ਵਿੱਚ ਲਾ ਦਿੱਤੀ। ਪੁਲਿਸ ਨੇ ਇਲਾਕੇ ਦਾ ਚੱਪਾ-ਚੱਪਾ ਛਾਣ ਮਾਰਿਆ ਤੇ ਆਖਰ ਲੜਕੀ ਕਰਨਾਲ ਦੇ ਘਰ ਵਿੱਚੋਂ ਮਿਲ ਗਈ।

ਯਮੁਨਾਨਗਰ ਦਾ ਇਹ ਮਾਮਲਾ ਹਾਈ ਪ੍ਰੋਫਾਈਲ ਕਿਡਨੈਪਿੰਗ ਦਾ ਹੈ। ਇਸ ਵਿੱਚ ਪੁਲਿਸ ਨੇ ਇੱਕ ਜਵਾਨ ਨੂੰ ਵੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਲਜ਼ਮਾਂ ਨੂੰ ਮੀਡੀਆ ਦੇ ਸਵਾਲਾਂ ਤੋਂ ਦੂਰ ਰੱਖ ਰਹੀ ਹੈ। ਇਸ ਸਾਰੇ ਮਾਮਲੇ ਤੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਦਾ ਜਵਾਬ ਪੁਲਿਸ ਸਪੱਸ਼ਟ ਤੌਰ ਤੇ ਟਾਲ ਰਹੀ ਹੈ।