ਮੋਗਾ: ਮੋਗਾ ਨੇੜਲੇ ਪਿੰਡ ਚੁਗਾਵਾਂ ਤੋਂ ਬਾਲ ਵਿਆਹ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ 8ਵੀਂ ਕਲਾਸ 'ਚ ਪੜ੍ਹਦੀ 13 ਸਾਲਾ ਨਾਬਾਲਾਗ ਲੜਕੀ ਨੂੰ ਉਸ ਦੇ ਨਾਨੇ ਨੇ ਵਿਆਹ ਦਿੱਤਾ। ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਨਾ ਲੱਗੇ, ਇਸ ਲਈ ਲੜਕੀ ਦੇ ਨਾਨੇ ਨੇ ਤਰਨ ਤਾਰਨ ਰਿਸ਼ਤੇਦਾਰਾਂ ਕੋਲ ਲੈ ਜਾ ਕੇ ਲੜਕੀ ਦਾ ਵਿਆਹ ਕੀਤਾ।
ਵਿਆਹ ਤੋਂ ਬਾਅਦ ਜਦੋਂ ਲੜਕੀ ਆਪਣੇ ਪਿੰਡ ਚੁਗਾਵਾਂ ਮਿਲਣ ਲਈ ਆਈ ਤਾਂ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਨਾਲ ਲੈ ਕੇ ਪਿੰਡ ਦੀ ਸਰਪੰਚ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਥਾਣਾ ਮਹਿਣਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ਤੇ ਪਹੁੰਚ ਕੇ ਲੜਕੀ, ਉਸ ਦੇ ਪਤੀ, ਸੱਸ ਤੇ ਹੋਰ ਰਿਸ਼ਤੇਦਾਰਾਂ ਨੂੰ ਹਿਰਾਸਤ 'ਚ ਲੈ ਲਿਆ।
ਇਸ ਤੋਂ ਬਾਅਦ ਮਾਮਲਾ ਬਾਲ ਵਿਕਾਸ ਵਿਭਾਗ ਮੋਗਾ ਦੇ ਧਿਆਨ 'ਚ ਲਿਆਂਦਾ ਗਿਆ। ਬਾਲ ਵਿਕਾਸ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਤਨਾਮ ਸਿੰਘ ਸੋਢੀ ਨਾਮ ਦੇ ਵਿਅਕਤੀ ਨੇ ਆਪਣੀ 13 ਸਾਲਾ ਦੋਹਤੀ ਦਾ ਵਿਆਹ 30 ਸਾਲ ਦੇ ਮੁੰਡੇ ਨਾਲ ਕਰ ਦਿੱਤਾ।
ਜ਼ਿਲ੍ਹਾ ਬਾਲ ਵਿਕਾਸ ਵਿਭਾਗ ਮੋਗਾ ਵਿੱਚ ਮੁੱਖ ਅਫ਼ਸਰ ਦੇ ਤੌਰ ਤੇ ਤਾਇਨਾਤ ਪਰਮਜੀਤ ਕੌਰ ਔਲਖ ਨੇ ਕਿਹਾ,
ਮੈਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰ ਰਹੀ ਹਾਂ ਮੈਨੂੰ ਇਹ ਪਤਾ ਲੱਗਾ ਹੈ ਕਿ ਪੀੜਤ ਲੜਕੀ ਸਰਕਾਰੀ ਸਕੂਲ ਚੁਗਾਵਾ ਵਿੱਚ ਅੱਠਵੀਂ ਕਲਾਸ 'ਚ ਪੜ੍ਹਦੀ ਹੈ ਤੇ ਜਿਸ ਦੀ ਉਮਰ 13 ਸਾਲ ਦੇ ਕਰੀਬ ਹੈ। ਉਸ ਦੇ ਨਾਨੇ ਨੇ ਉਕਤ ਲੜਕੀ ਦੇ ਸਹੁਰਿਆਂ ਤੋਂ ਪੈਸੇ ਲੈ ਕੇ ਉਸ ਦੀ ਸ਼ਾਦੀ 30 ਸਾਲ ਦੇ ਕਰੀਬ ਵਿਅਕਤੀ ਨਾਲ ਕਰ ਦਿੱਤੀ ਹੈ।-
ਦੱਸ ਦੇਈਦੇ ਕਿ ਨਾਬਾਲਗ ਲੜਕੀ ਦਾ ਵਿਆਹ ਕਰਨਾ ਇੱਕ ਕਾਨੂੰਨ ਅਪਰਾਧ ਹੈ ਤੇ ਇਸ ਦੇ ਲਈ ਵਿਆਹ ਕਰਨ ਵਾਲੇ ਲੜਕੇ ਤੇ ਲੜਕੀ ਦਾ ਵਿਆਹ ਕਰਨ ਵਾਲੇ ਪਰਿਵਾਰਕ ਮੈਂਬਰਾਂ ਨੂੰ 2 ਸਾਲ ਦੀ ਕੈਦ ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਲੜਕੀ ਦੀ ਮਾਂ ਨੂੰ ਵੀ ਲੜਕੀ ਦੇ ਨਾਨੇ ਨੇ ਪੈਸੇ ਲੈ ਕਿਤੇ ਹੋਰ ਵਿਆਹ ਦਿੱਤਾ ਸੀ।