ਪੇਸ਼ਕਸ਼: ਰਮਨਦੀਪ ਕੌਰ

'ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ'


ਇਨ੍ਹਾਂ ਸੱਤਰਾਂ ਦਾ ਉਚਾਰਨ ਕਿੱਕਲੀ ਪਾਉਣ ਵੇਲੇ ਕੀਤਾ ਜਾਂਦਾ ਹੈ। ਕਿਕਲੀ ਨਾਚ ਤੇ ਖੇਡ ਦਾ ਸੁਮੇਲ ਹੈ। ਇਸ ਨੂੰ ਬਾਲ ਕੁੜੀਆਂ ਦਾ ਲੋਕ-ਨਾਚ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ 'ਚ ਦੋ ਕੁੜੀਆਂ ਇੱਕ-ਦੂਜੇ ਦੇ ਹੱਥਾਂ 'ਚ ਕੜਿੰਗੜੀ ਪਾ ਕੇ ਗੋਲ-ਗੋਲ ਤੇਜ਼-ਤੇਜ਼ ਘੁੰਮਦੀਆਂ ਹਨ ਤੇ ਨਾਲ-ਨਾਲ ਗੀਤ ਦਾ ਉਚਾਰਨ ਕਰਦੀਆਂ ਹਨ।


ਕਿੱਕਲੀ ਛੋਟੀਆਂ ਕੁੜੀਆਂ ਜਾਂ ਕਹਿ ਲਓ ਜਵਾਨੀ ਤੋਂ ਪਹਿਲਾਂ ਦਾ ਜੋ ਦੌਰ ਹੁੰਦਾ ਹੈ, ਉਸ ਸਮੇਂ ਦੀਆਂ ਕੁੜੀਆਂ ਦਾ ਮਨਪਸੰਦ ਨਾਚ ਹੈ। ਬੇਸ਼ੱਕ ਵਿਆਹੀਆਂ ਤੇ ਜਵਾਨ ਕੁੜੀਆਂ ਵੀ ਕਿੱਕਲੀ ਪਾਉਂਦੀਆਂ ਹਨ। ਗਿੱਧੇ ਦੇ ਅੰਤ 'ਚ ਵੀ ਕਿੱਕਲੀ ਪਾਉਣ ਦਾ ਵਰਤਾਰਾ ਦੇਖਣ ਨੂੰ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਸਾਉਣ ਮਹੀਨੇ ਕਿਕਲੀ ਦਾ ਝਲਕਾਰਾ ਖੂਬ ਦਿਖਾਈ ਦਿੰਦਾ ਹੈ।


ਕਿੱਕਲੀ ਪਾਉਣ ਲਈ ਕੋਈ ਖਾਸ ਜਾਂਚ ਸਿੱਖਣ ਦੀ ਲੋੜ ਨਹੀਂ ਪੈਂਦੀ। ਇੱਕ ਦੂਜੇ ਨੂੰ ਦੇਖੋ-ਦੇਖ ਕੁੜੀਆਂ ਸਿੱਖ ਲੈਂਦੀਆਂ ਹਨ। ਇਸ 'ਚ ਖਾਸ ਤੌਰ 'ਤੇ ਸਰੀਰ ਦਾ ਸੰਤੁਲਨ ਬਣਾਉਣਾ ਤੇ ਘੁੰਮਣ ਦਾ ਅਭਿਆਸ ਕਰਨ ਦੀ ਲੋੜ ਹੁੰਦੀ ਹੈ ਜੋ ਅਕਸਰ ਕੁੜੀਆਂ ਖੇਡ-ਖੇਡ 'ਚ ਵੀ ਸਿੱਖ ਲੈਂਦੀਆਂ ਹਨ।


ਕਿੱਕਲੀ 'ਚ ਦੋ ਕੁੜੀਆਂ ਦੀ ਟੀਮ ਹੁੰਦੀ ਹੈ। ਇੱਕ ਜਾਣੀ ਆਪਣੇ ਸੱਜੇ ਹੱਥ ਨਾਲ ਦੂਜੀ ਦਾ ਖੱਬਾ ਹੱਥ ਤੇ ਖੱਬੇ ਹੱਥ ਨਾਲ ਦੂਜੀ ਕੁੜੀ ਦਾ ਸੱਜਾ ਹੱਥ ਫੜਦੀ ਹੈ। ਫਿਰ ਬਾਵਾਂ ਦੇ ਸਹਾਰੇ ਆਪਣਾ ਸਾਰਾ ਭਾਰ ਪਿਛਾਂਹ ਨੂੰ ਸੁੱਟ ਲੈਂਦੀਆਂ ਹਨ ਤੇ ਪੈਰਾਂ ਦੀ ਹਰਕਤ ਨਾਲ ਘੁੰਮਣਾ ਸ਼ੁਰੂ ਕਰ ਦਿੰਦੀਆਂ ਹਨ। ਘੁੰਮਣ ਦੀ ਗਤੀ ਹੌਲ਼ੀ ਤੋਂ ਸ਼ੁਰੂ ਹੋਕੇ ਹੌਲ਼ੀ-ਹੌਲ਼ੀ ਤੇਜ਼ ਹੁੰਦੀ ਜਾਂਦੀ ਹੈ ਤੇ ਦੋਵੇਂ ਕੁੜੀਆਂ ਭੰਬੀਰੀ ਬਣ ਜਾਂਦੀਆਂ ਹਨ।


ਇਸ ਦੌਰਾਨ ਇਕ ਗੱਲ ਧਿਆਨ 'ਚ ਰੱਖਣੀ ਹੁੰਦੀ ਹੈ ਕਿ ਇਕ ਦੂਜੇ ਦੇ ਹੱਥ ਘੁੱਟ ਕੇ ਫੜਨੇ ਹੁੰਦੇ ਹਨ। ਇਸ ਤਰ੍ਹਾਂ ਕਿੱਕਲੀ ਪਾਉਂਦਿਆਂ ਨਾਲ-ਨਾਲ ਇਸ ਗੀਤ ਦਾ ਉਚਾਰਣ ਕੀਤਾ ਜਾਂਦਾ ਹੈ:


'ਕਿੱਕਲੀ ਕਲਾਈ ਦੀ, ਸੁੱਖ ਮੰਗਾਂ ਭਾਈ ਦੀ
ਤਾਏ ਤੇ ਤਾਈ ਦੀ, ਭਾਪੇ ਤੇ ਝਾਈ ਦੀ
ਘਰ ਪਰਿਵਾਰ ਦੀ, ਸਾਰੇ ਸੰਸਾਰ ਦੀ'


ਕਿੱਕਲੀ ਦੇ ਕੁਝ ਹੋਰ ਗੀਤ:


'ਕਿੱਕਲੀ ਕਲੀਰ ਦੀ, ਸੁਣ ਗੱਲ ਵੀਰ ਜੀ
ਵਿੱਦਿਆ ਦੀ ਰੌਸ਼ਨੀ, ਨੇਰ੍ਹਿਆਂ ਨੂੰ ਚੀਰਦੀ'
ਜਾਂ
'ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ
ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ
ਨੀਂ ਮੈਂ ਐਸ ਕਿੱਲੀ ਟੰਗਾਂ, ਨੀ ਮੈਂ ਉਸ ਕਿੱਲੀ ਟੰਗਾਂ'


ਪੰਜਾਬ ਦੇ ਕਈ ਹੋਰ ਲੋਕ ਨਾਚਾਂ ਵਾਂਗ ਕਿੱਕਲੀ ਦਾ ਨਾਚ ਵੀ ਪੰਜਾਬ ਦੀ ਔਰਤ ਦੀ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਮਨੋਵਿਗਿਆਨਕ ਸਥਿਤੀ ਦੀ ਸਹਿਜ ਤਰਜਮਾਨੀ ਕਰਦਾ ਹੈ। ਕਿੱਕਲੀ ਪਾਉਣ ਲਈ ਕਿਸੇ ਖ਼ਾਸ ਸਥਾਨ ਜਾਂ ਪਹਿਰਾਵੇ ਦੀ ਲੋੜ ਨਹੀਂ ਪੈਂਦੀ।


ਬੇਸ਼ੱਕ ਅਜੋਕੇ ਯੁੱਗ 'ਚ ਕਿੱਕਲੀ ਸਿਰਫ਼ ਸਟੇਜੀ ਗਿੱਧੇ 'ਚ ਦੇਖਣ ਨੂੰ ਮਿਲ ਜਾਂਦੀ ਹੈ ਪਰ ਕੁਝ ਸਾਲ ਪਹਿਲਾਂ ਇਹ ਪੰਜਾਬ ਦੇ ਪਿੰਡਾਂ 'ਚ ਸ਼ਾਮ ਵੇਲੇ ਖੇਡਣ ਇਕੱਠੀਆਂ ਹੋਈਆਂ ਕੁੜੀਆਂ ਦਾ ਮਨਪਸੰਦ ਵਰਤਾਰਾ ਹੁੰਦੀ ਸੀ। ਕੁੜੀਆਂ ਕਿੱਕਲੀ ਪਾ ਕੇ ਖਿੜ ਉੱਠਦੀਆਂ ਸਨ।


ਆਧੁਨਿਕ ਦੌਰ 'ਚ ਲੋਕ ਨਾਚ ਕਿੱਕਲੀ ਵਿੱਸਰਦਾ ਜਾ ਰਿਹਾ ਹੈ ਪਰ ਇੱਥੇ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਕ ਨਾਚ ਹੁੰਦਿਆਂ ਜਿੱਥੇ ਇਹ ਮਨੋਰੰਜਨ ਕਰਦਾ ਹੈ ਉੱਥੇ ਹੀ ਇਸ ਨਾਲ ਕੁੜੀਆਂ ਦੀ ਸਰੀਰਕ ਕਸਰਤ ਵੀ ਹੁੰਦੀ ਹੈ ਜੋ ਸਿਹਤ ਨੂੰ ਨਰੋਆ ਤੇ ਤੰਦਰੁਸਤ ਰੱਖਣ 'ਚ ਸਹਾਈ ਹੁੰਦੀ ਹੈ।