Crime News : ਹਨੀਮੂਨ (Honeymoon) ਦੌਰਾਨ ਇਕ ਵਿਅਕਤੀ 'ਤੇ ਆਪਣੀ ਪਤਨੀ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਖਬਰਾਂ ਮੁਤਾਬਕ ਰੋਮਾਂਸ ਤੋਂ ਬਾਅਦ ਵਿਅਕਤੀ ਨੇ ਆਪਣੀ ਪਤਨੀ ਦੀ ਜਾਨ ਲੈ ਲਈ। ਫਿਲਹਾਲ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਲ ਹੀ 'ਚ ਇਸ ਮਾਮਲੇ ਦੀ ਅਦਾਲਤ 'ਚ ਸੁਣਵਾਈ ਹੋਈ, ਜਿੱਥੇ ਕਈ ਤੱਥ ਸਾਹਮਣੇ ਆਏ। nypost.com ਦੀ ਰਿਪੋਰਟ ਮੁਤਾਬਕ 38 ਸਾਲਾ ਬ੍ਰੈਡਲੇ ਰੌਬਰਟ ਡਾਸਨ (Bradley Robert Dawson) ਆਪਣੀ 36 ਸਾਲ ਦੀ ਪਤਨੀ ਕ੍ਰਿਸਟ ਚੇਨ ਡਾਸਨ ਨਾਲ ਫਿਜੀ ਦੇ ਇਕ ਟਾਪੂ 'ਤੇ ਹਨੀਮੂਨ 'ਤੇ ਗਿਆ ਸੀ ਪਰ ਇੱਥੇ ਕ੍ਰਿਸਟ ਚੇਨ ਦੀ ਲਾਸ਼ ਇੱਕ ਹੋਟਲ ਦੇ ਕਮਰੇ ਵਿੱਚੋਂ ਮਿਲੀ।
ਇਹ ਜੋੜਾ ਅਮਰੀਕਾ ਦੇ ਮੈਮਫ਼ਿਸ ਵਿੱਚ ਰਹਿੰਦਾ ਸੀ। ਇਹ ਜੋੜਾ ਹਨੀਮੂਨ 'ਤੇ ਫਿਜੀ ਗਿਆ ਸੀ, ਜਿਸ ਨੂੰ ਆਪਣੀ ਖੂਬਸੂਰਤੀ ਕਾਰਨ ਫਿਰਦੌਸ ਵਰਗਾ ਸਥਾਨ ਕਿਹਾ ਜਾਂਦਾ ਹੈ। ਰਾਬਰਟ ਦੇ ਵਕੀਲ ਨੇ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਲਾੜੀ (ਕ੍ਰਿਸਟ) ਦੀ ਮੌਤ ਕਿਵੇਂ ਹੋਈ, ਪਰ ਉਸ ਦੀ ਲਾਸ਼ ਹੋਟਲ ਦੇ ਕਮਰੇ ਵਿੱਚੋਂ ਮਿਲੀ। ਵਕੀਲ ਨੇ ਇਹ ਵੀ ਕਿਹਾ ਕਿ ਉਸ ਦਾ ਮੁਵੱਕਿਲ (ਰਾਬਰਟ) ਕਤਲ ਕੇਸ ਵਿੱਚ ਬੇਕਸੂਰ ਹੈ।
ਇਸ ਨਾਲ ਹੀ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ 9 ਜੁਲਾਈ ਦੀ ਹੈ। ਜਵਾਬਦੇਹ ਨੇ ਫਿਰ ਫੋਰੈਂਸਿਕ ਜਾਂਚ ਤੋਂ ਇਨਕਾਰ ਕਰ ਦਿੱਤਾ। ਜਿਸ 'ਤੇ ਅਦਾਲਤ ਨੂੰ ਡੀਐਨਏ ਸੈਂਪਲ ਲੈਣ ਦੇ ਹੁਕਮ ਦੇਣ ਦੀ ਬੇਨਤੀ ਕੀਤੀ ਗਈ ਹੈ। ਰਾਬਰਟ ਦੇ ਵਕੀਲ ਨੇ ਕਿਹਾ ਕਿ ਅਦਾਲਤ ਵਿੱਚ ਅਗਲੀ ਸੁਣਵਾਈ 27 ਜੁਲਾਈ ਨੂੰ ਹੋਵੇਗੀ।
ਕ੍ਰਿਸਟ ਚੇਨ ਪੇਸ਼ੇ ਤੋਂ ਫਾਰਮਾਸਿਸਟ ਸੀ। ਉਸ ਦੇ ਗੁਆਂਢੀਆਂ ਨੇ ਦੱਸਿਆ ਕਿ ਉਹ ਆਪਣੀ ਹਨੀਮੂਨ ਯਾਤਰਾ ਲਈ ਬਹੁਤ ਉਤਸ਼ਾਹਿਤ ਸੀ। ਪਰ ਇਹ ਯਾਤਰਾ ਉਸ ਦੀ ਆਖਰੀ ਯਾਤਰਾ ਸਾਬਤ ਹੋਈ। ਕ੍ਰਿਸਟ ਦਾ ਪਤੀ ਰੌਬਰਟ ਇੱਕ ਐਨਜੀਓ ਵਿੱਚ ਕੰਮ ਕਰਦਾ ਹੈ। ਫਿਲਹਾਲ ਕਤਲ ਦਾ ਦੋਸ਼ ਲੱਗਣ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।