ਮੁੰਬਈ: ਕ੍ਰਾਈਮ ਬ੍ਰਾਂਚ ਨੇ 35 ਸਾਲਾਂ ਦੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਆਪਣੇ ਸਿਰ ਚੜ੍ਹਿਆ ਕਰਜ਼ਾ ਲਾਹੁਣ ਲਈ ਘਰ ’ਚ ਨਕਲੀ ਨੋਟ ਛਾਪਣ ਦਾ ਕੰਮ ਸ਼ੁਰੂ ਕਰ ਦਿੱਤਾ। ਗ੍ਰਿਫਤਾਰ ਵਿਅਕਤੀ ਦਾ ਨਾਂ ਮੁਹੰਮਦ ਫ਼ਕੀਯਾਨ ਅਯੂਬ ਖ਼ਾਨ ਹੈ, ਜੋ ਮੁੰਬਈ ਦੇ ਚੈਂਬੁਰ ਇਲਾਕੇ ’ਚ ਰਹਿੰਦਾ ਹੈ।



 
ਕ੍ਰਾਈਮ ਬ੍ਰਾਂਚ ਦੇ ਦੇ ਏਸੀਪੀ ਨਿਤਿਨ ਅਲਕਨੁਰੇ ਨੇ ਦੱਸਿਆ ਕਿ ਉਨ੍ਹਾਂ ਸੂਹ ਮਿਲਣ ’ਤੇ ਛਾਪਾ ਮਾਰਿਆ ਸੀ। ਫਿਰ ਇੰਸਪੈਕਟਰ ਨਿਨਾਦ ਸਾਵੰਤ ਤੇ ਉਨ੍ਹਾਂ ਦੀ ਟੀਮ ਨੇ ਐਮਐਮਆਰਡੀਏ ਕਾਲੋਨੀ ਕੋਲ ਮਾਹੋਲ ਪਿੰਡ ਚੈਂਬੂਰ ’ਚ ਟ੍ਰੈਪ ਲਾ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 57 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ।

 

ਪੁੱਛਗਿੱਛ ਦੌਰਾਨ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕੁਝ ਨੋਟ ਘਰ ’ਚ ਵੀ ਰੱਖੇ ਹੋਏ ਹਨ। ਤਦ ਪੁਲਿਸ ਨੂੰ ਉਸ ਕੋਲੋਂ ਕੁੱਲ 3 ਲੱਖ 98 ਹਜ਼ਾਰ 550 ਰੁਪਏ ਦੇ ਨਕਲੀ ਨੋਟ ਬਰਾਮਦ ਹੋਏ। ਖ਼ਾਨ ਅੱਠ ਵਰ੍ਹੇ ਪਹਿਲਾਂ ਮੁੰਬਈ ਆਇਆ ਸੀ ਤੇ ਆਪਣੇ ਰਿਸ਼ਤੇਦਾਰ ਦੇ ਗਾਰਮੈਂਟ ਕਾਰੋਬਾਰ ਵਿੱਚ ਲੱਗ ਗਿਆ। ਉਸ ਨੂੰ ਆਸ ਮੁਤਾਬਕ ਪੈਸੇ ਨਹੀਂ ਮਿਲ ਰਹੇ ਸਨ। ਤਦ ਉਸ ਨੇ ਆਪਣੇ ਦੋਸਤਾਂ ਤੋਂ ਕਰਜ਼ਾ ਲੈ ਕੇ ਆਪਣਾ ਪਤਨੀ ਦਾ ਸੋਨਾ ਗਿਰਵੀ ਰੱਖ ਕੇ ਆਪਣੀ ਗਾਰਮੈਂਟ ਫ਼ੈਕਟਰੀ ਖੋਲ੍ਹ ਲਈ ਪਰ ਕੋਰੋਨਾ ਕਾਰਣ ਉਸ ਨੂੰ ਘਾਟਾ ਹੋ ਗਿਆ ਤੇ ਉਸ ਦੇ ਸਿਰ 6 ਲੱਖ ਰੁਪਏ ਦਾ ਕਰਜ਼ਾ ਹੋ ਗਿਆ।

 

ਜਦੋਂ ਲੋਕਾਂ ਨੇ ਉਸ ਤੋਂ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ, ਤਾਂ ਉਸ ਨੇ ਦਬਾਅ ’ਚ ਆ ਕੇ ਨਕਲੀ ਨੋਟ ਛਾਪਣ ਦਾ ਮਨ ਬਣਾ ਲਿਆ। ਉਸ ਨੇ ਯੂਟਿਊਬ ਉੱਤੇ ਪਹਿਲਾਂ ਇਹ ਸਭ ਸਿੱਖਿਆ। ਫਿਰ ਉਸ ਨੇ ਇੱਕ ਕੰਪਿਊਟਰ ਪ੍ਰਿੰਟਰ ਖ਼ਰੀਦਿਆ ਤੇ ਵਧੀਆ ਕੁਆਲਿਟੀ ਦਾ ਕਾਗਜ਼ ਖ਼ਰੀਦਿਆ ਤੇ ਇੰਝ ਨਕਲੀ ਕਰੰਸੀ ਛਾਪਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।