ਫ਼ਿਰੋਜ਼ਪੁਰ: ਕੇਂਦਰੀ ਜੇਲ੍ਹ 'ਚੋਂ ਹੈਰਾਨ ਕਰ ਦੇਣੀ ਵਾਲੀ ਖਬਰ ਸਾਹਮਣੇ ਆਈ ਹੈ। ਇੱਕ ਕੈਦੀ ਦੇ ਗੁਪਤ ਅੰਗ (ਗੁਦਾ) 'ਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਜੇਲ੍ਹ ਪ੍ਰਸ਼ਾਸਨ ਹੈਰਾਨ ਹੈ। ਜੇਲ੍ਹਾਂ ਅੰਦਰ ਨਸ਼ਿਆਂ ਦਾ ਮੁੱਦਾ ਕਾਫੀ ਪੁਰਾਣਾ ਹੈ ਪਰ ਇਹ ਨਸ਼ੇ ਇਸ ਤਰੀਕੇ ਵੀ ਪਹੁੰਚ ਸਕਦੇ ਹਨ, ਇਸ ਨੂੰ ਲੈ ਕੇ ਜੇਲ੍ਹ ਅਧਿਕਾਰੀਆਂ ਸੋਚਿਆ ਵੀ ਨਹੀਂ ਸੀ।


ਹਾਸਲ ਜਾਣਕਾਰੀ ਮੁਤਾਬਕ ਕੈਦੀ ਕੁਲਦੀਪ ਸਿੰਘ ਵਾਸੀ ਸਭਰਾ ਥਾਣਾ ਪੱਟੀ, ਬੈਰੂਨੀ ਪੰਜੇ ਤੋਂ ਵਾਪਸ ਜੇਲ੍ਹ ਦੀ ਡਿਓਢੀ ਵਿੱਚ ਪੁੱਜਾ ਤਾਂ ਮੁਲਾਜ਼ਮਾਂ ਨੇ ਮੈਟਲ ਡਿਟੈਕਟਰ ਨਾਲ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਦੀ ਗੁਦਾ ਵਿੱਚ ਕੋਈ ਚੀਜ਼ ਹੋਣ ਦਾ ਸੰਕੇਤ ਮਿਲਿਆ।

ਮੁਲਾਜ਼ਮਾਂ ਨੇ ਮੁੜ ਤੋਂ ਤਲਾਸ਼ੀ ਲਈ ਤਾਂ ਉਸ ਦੀ ਗੁਦਾ ਵਿੱਚੋਂ ਮੋਮੀ ਲਿਫ਼ਾਫ਼ੇ ਵਿੱਚ ਲਪੇਟਿਆ ਪੈਕੇਟ ਨਿਕਲਿਆ ਜਿਸ ਵਿੱਚੋਂ 48 ਨਸ਼ੇ ਦੀਆਂ ਗੋਲੀਆਂ, 51 ਚੈਨੀ ਖੈਨੀ ਦੇ ਛੋਟੇ ਪਾਊਚ ਤੇ ਅੱਠ ਗ੍ਰਾਮ ਦੇ ਕਰੀਬ ਚਿੱਟਾ ਪਾਊਡਰ ਬਰਾਮਦ ਹੋਇਆ। ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਸਾਮਾਨ ਉਸ ਕੋਲੋਂ ਹਵਾਲਾਤੀ ਕਰਮ ਸਿੰਘ ਉਰਫ਼ ਨਿੰਮਾ ਵਾਸੀ ਪਿੰਡ ਬੰਡਾਲਾ ਨੇ ਮੰਗਵਾਇਆ ਹੈ।