ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਖੂਨ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਝੜਪ ਦੌਰਾਨ ਗੋਲੀਆਂ ਵੀ ਚੱਲੀਆਂ ਜਿਸ ਦੌਰਾਨ ਇੱਕ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਜ਼ਖਮੀਆਂ ਨੂੰ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਹੈ।
ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ 15 ਸਾਲ ਪਹਿਲਾਂ ਮੁਲਜ਼ਮ ਤੋਂ ਖਰੀਦੀ ਜ਼ਮੀਨ ਤੇ ਉਹ ਖੇਤੀਬਾੜੀ ਕਰ ਰਹੇ ਸੀ। ਹੁਣ ਅਚਾਨਕ ਉਨ੍ਹਾਂ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਤੇ ਮੁਲਜ਼ਮਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਉਧਰ ਇਸ ਮਾਮਲੇ ਤੇ ਬਰਨਾਲਾ ਦੇ ਐਸਪੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ 16 ਸਾਲ ਪਹਿਲਾਂ ਮੁਲਜ਼ਮਾਂ ਨੇ ਪੀੜਤਾਂ ਦੇ ਨਾਲ ਜ਼ਮੀਨ ਦਾ ਤਬਾਦਲਾ ਕੀਤਾ ਸੀ ਪਰ ਹੁਣ ਜ਼ਮੀਨ ਦੇ ਰੇਟ ਵਧਣ ਕਰਕੇ ਉਨ੍ਹਾਂ ਦਾ ਮੰਨ ਬਾਈਮਾਨ ਹੋ ਗਿਆ। ਇਸ ਲਈ ਅੱਜ ਉਨ੍ਹਾਂ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਝੜਪ ਹੋਈ ਤੇ ਗੋਲੀਆਂ ਚੱਲੀਆਂ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।