ਚੰਡੀਗੜ੍ਹ: ਪੰਜਾਬ ’ਚ ਰੇਲ ਸੇਵਾ ਸ਼ੁਰੂ ਕਰਨ ਤੇ ਮਾਲ ਗੱਡੀਆਂ ਚਲਾਉਣ ਲਈ ਹਾਲੇ ਵੀ ਦੁਬਿਧਾ ਤੇ ਰੇੜਕੇ ਵਾਲੀ ਹਾਲਤ ਬਣੀ ਹੋਈ ਹੈ। ਪੰਜਾਬ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਸਾਰੀਆਂ ਰੇਲ ਪਟੜੀਆਂ ਖ਼ਾਲੀ ਹਨ ਪਰ ਰੇਲਵੇ ਦਾ ਕਹਿਣਾ ਹੈ ਕਿ 22 ਥਾਵਾਂ ਉੱਤੇ ਕਿਸਾਨ ਪਟੜੀਆਂ ਉੱਤੇ ਬੈਠੇ ਹਨ। ਹੁਣ ਕਿਸਾਨਾਂ ਨੇ ਖੁਦ ਪੁਸ਼ਟੀ ਕੀਤੀ ਹੈ ਕਿ ਉਹ ਪਟੜੀਆਂ ਤੋਂ ਹਟ ਚੁੱਕੇ ਹਨ ਪਰ ਉਹ ਉਨ੍ਹਾਂ ਦੇ ਨੇੜੇ ਹੀ ਧਰਨੇ ਦੇ ਰਹੇ ਹਨ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਹੁਣ ਕਿਸੇ ਵੀ ਪਟੜੀ ਉੱਤੇ ਕਿਸਾਨ ਧਰਨੇ ਉੱਤੇ ਨਹੀਂ ਬੈਠੇ ਹਨ ਪਰ ਉਹ 15 ਜ਼ਿਲ੍ਹਿਆਂ ’ਚ 22 ਥਾਵਾਂ ਉੱਤੇ ਰੇਲਵੇ ਸਟੇਸ਼ਨ ਤੋਂ 50 ਤੋਂ 500 ਮੀਟਰ ਦੀ ਦੂਰੀ ਉੱਤੇ ਧਰਨੇ ਦੇ ਕੇ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਰੇਲਵੇ ਨੂੰ ਖ਼ਦਸ਼ਾ ਹੈ ਕਿ ਸਟੇਸ਼ਨ ਦੇ ਇੰਨੇ ਨੇੜੇ ਬੈਠੇ ਕਿਸਾਨ ਰੇਲ ਸੇਵਾ ਸ਼ੁਰੂ ਹੁੰਦਿਆਂ ਹੀ ਮੁੜ ਪਟੜੀਆਂ ’ਤੇ ਆ ਸਕਦੇ ਹਨ। ਇਸੇ ਲਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਹਟ ਜਾਣ ਤੇ ਸੁਰੱਖਿਆ ਦੀ ਗਰੰਟੀ ਤੋਂ ਬਾਅਦ ਹੀ ਮਾਲ ਗੱਡੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
ਪੰਜਾਬ ’ਚ ਰੇਲ ਗੱਡੀਆਂ ਦੀ ਆਵਾਜਾਈ 24 ਸਤੰਬਰ ਤੋਂ ਬੰਦ ਹੈ। ਕਿਸਾਨ ਖੇਤੀ ਸੁਧਾਰ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਮਾਲ ਗੱਡੀਆਂ ਹੀ ਚੱਲਣ ਦੇਣਗੇ, ਯਾਤਰੀ ਰੇਲ ਗੱਡੀਆਂ ਨਹੀਂ, ਜਦਕਿ ਰੇਲਵੇ ਚਾਹੁੰਦਾ ਹੈ ਕਿ ਦੋਵੇਂ ਸੇਵਾਵਾਂ ਨਾਲੋ-ਨਾਲ ਸ਼ੁਰੂ ਕੀਤੀਆਂ ਜਾਣ। ਕਿਸਾਨ ਜ਼ਿਆਦਾਤਰ ਜ਼ਿਲ੍ਹਿਆਂ ’ਚ ਟੋਲ ਪਲਾਜ਼ਾ ਤੇ ਕੁਝ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਅਦਾਰਿਆਂ ਦੇ ਬਾਹਰ ਧਰਨੇ ’ਤੇ ਬੈਠੇ ਹਨ। ਟੋਲ ਪਲਾਜ਼ਾ ਉੱਤੇ ਫ਼ੀਸ ਨਹੀਂ ਲੈਣ ਦਿੱਤੀ ਜਾ ਰਹੀ। ਅੰਮ੍ਰਿਤਸਰ ’ਚ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਕੋਠੀ ਦੇ ਬਾਹਰ ਵੀ ਲਗਾਤਾਰ ਧਰਨਾ ਚੱਲ ਰਿਹਾ ਹੈ।
ਪੰਜਾਬ ’ਚ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁੜ ਗੱਲਬਾਤ ਕੀਤੀ। ਉਨ੍ਹਾਂ ਗ੍ਰਹਿ ਮੰਤਰੀ ਨੂੰ ਰੇਲ ਸੇਵਾਵਾਂ ਬਹਾਲ ਕਰਵਾਉਣ ਲਈ ਨਿੱਜੀ ਦਖ਼ਲ ਦੇਣ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਇਸ ਸਮੱਸਿਆ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਦੱਸ ਦਈਏ, ਕਿ ਕੱਲ੍ਹ ਕਾਂਗਰਸ ਸੰਸਦ ਮੈਂਬਰਾਂ ਦਾ ਵਫ਼ਦ ਅਮਿਤ ਸ਼ਾਹ ਨੂੰ ਮਿਲਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਉਨ੍ਹਾਂ ਨਾਲ ਗੱਲ ਕੀਤੀ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿੱਚ ਅਮਨ-ਚੈਨ ਤੇ ਕਾਨੂੰਨ–ਵਿਵਸਥਾ ਦੀ ਕੋਈ ਚਿੰਤਾ ਨਹੀਂ ਹੈ। ਰੇਲ ਗੱਡੀਆਂ ਬੰਦ ਹੋਣ ਕਾਰਣ ਸਭ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸੁਰੱਖਿਆ ਦੀ ਚਿੰਤਾ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਰੇਲਵੇ ਵੱਲੋਂ ਤੁਰੰਤ ਮਾਲ ਗੱਡੀਆਂ ਚਲਾਉਣ ਦਾ ਫ਼ੈਸਲਾ ਨਾ ਲਿਆ ਗਿਆ, ਤਾਂ ਲੱਦਾਖ ’ਚ ਸੁਰੱਖਿਆ ਬਲਾਂ ਤੇ ਕਸ਼ਮੀਰ ਵਾਦੀ ’ਚ ਬਰਫ਼ਬਾਰੀ ਤੋਂ ਪਹਿਲਾਂ ਜ਼ਰੂਰੀ ਸੇਵਾਵਾਂ ਨਾ ਪੁੱਜਣ ਕਾਰਣ ਦੇਸ਼ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ।