ਤਰਨ ਤਾਰਨ: ਸਰਹੱਦੀ ਪਿੰਡ ਚਾਹਲ ਵਿੱਚ ਦੇਰ ਰਾਤ ਪਤੀ ਨੇ ਪਤਨੀ ਦੇ ਸਿਰ 'ਚ ਲੋਹੇ ਦੀ ਰਾਡ ਮਾਰਕੇ ਉਸ ਦਾ ਕਤਲ ਕਰ ਦਿੱਤਾ। ਇਸ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਨ ਮੁਲਜ਼ਮ ਆਪਣੇ 16 ਸਾਲਾਂ ਦੇ ਲੜਕੇ ਨੂੰ ਮਾਰਨ ਦੀ ਧਮਕੀ ਦੇ ਕੇ ਨਾਲ ਲੈ ਗਿਆ ਪਰ ਲੜਕੇ ਨੇ ਇਸ ਸਬੰਧੀ ਆਪਣੇ ਰਿਸ਼ਤੇਦਾਰਾਂ ਨੂੰ ਸੂਚਨਾ ਦੇ ਦਿੱਤੀ। ਇਸ ਮਗਰੋਂ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਘਟਨਾ ਸਥਾਨ ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਮੇਜਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਬੀਤੀ ਰਾਤ ਆਪਣੀ ਪਤਨੀ ਗੁਰਪ੍ਰੀਤ ਕੌਰ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਉਸ ਦਾ ਕਤਲ ਕੀਤਾ। ਉਸ ਸਮੇਂ ਉਸ ਦਾ 16 ਸਾਲ ਦਾ ਲੜਕਾ ਯੋਧਬੀਰ ਸਿੰਘ ਵੀ ਘਰ 'ਚ ਸੀ, ਜਦੋਂਕਿ ਵੱਡਾ ਲੜਕਾ ਕਰਨਬੀਰ ਸਿੰਘ ਫੌਜ 'ਚ ਭਰਤੀ ਹੋਣ ਪੱਟੀ ਵਿਖੇ ਟ੍ਰੇਨਿੰਗ ਲੈ ਰਿਹਾ ਹੈ। ਮੇਜਰ ਸਿੰਘ ਕਤਲ ਕਰ ਕੇ ਫ਼ਰਾਰ ਹੋਣ ਸਮੇਂ ਆਪਣੇ ਲੜਕੇ ਯੋਧਬੀਰ ਸਿੰਘ ਨੂੰ ਵੀ ਇਹ ਧਮਕੀ ਦੇ ਕੇ ਨਾਲ ਲੈ ਗਿਆ ਕਿ ਉਹ ਉਸ ਨੂੰ ਵੀ ਮਾਰ ਦੇਵੇਗਾ ਪਰ ਯੋਧਬੀਰ ਸਿੰਘ ਨੇ ਆਪਣੇ ਮਾਸੜ ਬਲਦੇਵ ਸਿੰਘ ਨੂੰ ਮੌਕਾ ਪਾ ਕੇ ਫੋਨ ਕਰ ਦਿੱਤਾ। ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।