ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਂ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ ਹੈ। ਦਿੱਲੀ ਵਿੱਚ ਪੈਟਰੋਲ ਕਰੀਬ 91 ਰੁਪਏ ਤੱਕ ਪਹੁੰਚ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵੀ ਰਿਕਾਰਡ ਤੋੜ ਰਹੀਆਂ ਹਨ।



ਇਸ ਵਿਚਾਲੇ ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਦਾ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਬਿਆਨ ਆਇਆ ਹੈ। ਉਨ੍ਹਾਂ ਇਸ ਦੇ ਵਧਣ ਪਿੱਛੇ ਇੱਕ ਵੱਡੀ ਵਜ੍ਹਾ ਦੱਸੀ ਹੈ। ਕੇਂਦਰੀ ਮੰਤਰੀ ਨੇ ਇਸ ਦੀ ਸਭ ਤੋਂ ਪਹਿਲਾ ਕਾਰਨ ਤੇਲ ਦੇ ਘੱਟ ਉਤਪਾਦਨ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਨੇ ਤੇਲ ਦਾ ਉਤਪਾਦਨ ਘੱਟ ਕਰ ਦਿੱਤਾ ਹੈ। ਉਤਪਾਦਕ ਦੇਸ਼ ਵਧੇਰੇ ਮੁਨਾਫਾ ਲੈਣ ਲਈ ਘੱਟ ਤੇਲ ਦਾ ਉਤਪਾਦਨ ਕਰ ਰਹੇ ਹਨ। ਇਸ ਨਾਲ ਖਪਤਕਾਰ ਦੇਸ਼ਾਂ ਨੂੰ ਦੁਖੀ ਹੋਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਵਧਦੇ ਤੇਲ ਦੀਆਂ ਕੀਮਤਾਂ ਪਿੱਛੇ ਸਭ ਤੋਂ ਵੱਡਾ ਕਾਰਨ ਕੋਰੋਨਾ ਮਹਾਮਾਰੀ ਵੀ ਹੈ। ਉਨ੍ਹਾਂ ਅਗੇ ਕਿਹਾ ਕਿ ਅਸੀਂ ਕਈ ਤਰ੍ਹਾਂ ਦੇ ਵਿਕਾਸ ਕਾਰਜ ਪੂਰੇ ਕਰਨੇ ਹਨ। ਇਸ ਲਈ ਕੇਂਦਰ ਤੇ ਰਾਜ ਸਰਕਾਰ ਟੈਕਸ ਇਕੱਠਾ ਕਰਦੀ ਹੈ। ਵਿਕਾਸ ਕਾਰਜ ਤੇ ਖਰਚਾ ਕਰਨ ਨਾਲ ਵਧੇਰੇ ਰੁਜ਼ਗਾਰ ਹੋਏਗਾ। ਸਰਕਾਰ ਨੇ ਆਪਣਾ ਨਿਵੇਸ਼ ਵਧਾ ਦਿੱਤਾ ਹੈ ਤੇ 34% ਹੋਰ ਪੂੰਜੀ ਇਸ ਬਜਟ ਵਿੱਚ ਖਰਚ ਕੀਤੀ ਜਾਏਗੀ।

ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਰਾਜ ਸਰਕਾਰ ਦਾ ਖਰਚਾ ਵੀ ਵਧੇਗਾ। ਇਸ ਲਈ ਸਾਨੂੰ ਇਸ ਟੈਕਸ ਦੀ ਜ਼ਰੂਰਤ ਹੈ, ਪਰ ਸੰਤੁਲਨ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਕੋਈ ਰਸਤਾ ਲੱਭ ਸਕਦੇ ਹਨ।