karnal Double Murder : ਹਰਿਆਣਾ ਦੇ ਕਰਨਾਲ ਦੇ ਘਰੌਂਡਾ 'ਚ ਸੋਮਵਾਰ ਦੇਰ ਰਾਤ ਢਾਬੇ 'ਤੇ ਬੈਠੇ ਤਿੰਨ ਦੋਸਤਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਕੁਝ ਬਦਮਾਸ਼ਾਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ 3 ਦੋਸਤਾਂ 'ਤੇ ਹਮਲਾ ਕਰ ਦਿੱਤਾ, ਜਿਸ 'ਚ ਦੋ ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਜ਼ਖਮੀ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ ਦਸ ਵਜੇ ਅਰਾਈ ਪੁਰਾ ਰੋਡ ’ਤੇ ਸਥਿਤ ਜੱਟ ਪੰਜਾਬੀ ਚਿਕਨ ਕਾਰਨਰ ’ਤੇ ਕੁਝ ਨੌਜਵਾਨ ਖਾ-ਪੀ ਰਹੇ ਸਨ। ਇਸ ਦੌਰਾਨ ਖਾਣਾ ਖਾਣ ਨੂੰ ਲੈ ਕੇ ਦੋ ਧਿਰਾਂ ਦੇ ਨੌਜਵਾਨਾਂ ’ਚ ਝਗੜਾ ਹੋ ਗਿਆ। ਇਸ ਝਗੜੇ 'ਚ ਜ਼ਖਮੀ ਹੋਏ ਨੌਜਵਾਨ ਬਿੱਟੂ ਨੇ ਦੱਸਿਆ ਕਿ ਇਕ ਬਦਮਾਸ਼ ਨੇ ਉਸ ਦੇ ਦੋ ਸਾਥੀਆਂ 'ਤੇ ਕੱਚ ਦੀ ਬੋਤਲ ਨਾਲ ਵਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਦੋਸ਼ੀ ਨੌਜਵਾਨ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਵੀ ਬੁਲਾਇਆ।
ਇਸ ਮਗਰੋਂ ਅੱਧੀ ਦਰਜਨ ਤੋਂ ਵੱਧ ਬਦਮਾਸ਼ ਲੋਹੇ ਦੀਆਂ ਰਾਡਾਂ ਅਤੇ ਹਥਿਆਰਾਂ ਲੈ ਕੇ ਢਾਬੇ 'ਤੇ ਪਹੁੰਚ ਗਏ। ਉੱਥੇ ਬੈਠੇ ਮਨੀਸ਼ ,ਨੀਰਜ ਅਤੇ ਬਿੱਟੂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਢਾਬੇ 'ਤੇ ਹੰਗਾਮਾ ਹੋ ਗਿਆ। ਇਸ ਹਮਲੇ ਵਿੱਚ ਪਿੰਡ ਰਾਮਪੁਰਾ ਵਾਸੀ ਨੀਰਜ ਅਤੇ ਭੋਲਾ ਕਲੋਨੀ ਵਾਸੀ ਮਨੀਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। ਝਗੜੇ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਮੌਕੇ 'ਤੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : Mohali Grenade attack : ਮੋਹਾਲੀ 'ਚ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਆਰਪੀਜੀ ਹਮਲੇ 'ਚ ਪੁਲਿਸ ਨੇ 7 ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ
ਨੌਜਵਾਨਾਂ ਦੇ ਕਤਲ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਵੱਲੋਂ ਪਹਿਲਾਂ ਤਿੰਨਾਂ ਨੌਜਵਾਨਾਂ ਨੂੰ ਘਰੌਂਡਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਮਨੀਸ਼ ਅਤੇ ਨੀਰਜ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਬਿੱਟੂ ਨੂੰ ਇਲਾਜ ਲਈ ਕਰਨਾਲ ਕਲਪਨਾ ਚਾਵਲਾ ਮੈਡੀਕਲ ਲਈ ਰੈਫਰ ਕਰ ਦਿੱਤਾ ਗਿਆ। ਐਫਐਸਐਲ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਜਦਕਿ ਬਾਕੀ ਸਾਰੀਆਂ ਟੀਮਾਂ ਦਾ ਗਠਨ ਕਰਕੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।