Mohali Grenade attack : ਮੋਹਾਲੀ (Mohali) ਸਥਿਤ ਪੰਜਾਬ ਇੰਟੈਲੀਜੈਂਸ ਦੇ ਹੈੱਡਕੁਆਰਟਰ (Intelligence Wing Headquarters) 'ਤੇ ਹੋਏ ਆਰਪੀਜੀ ਹਮਲੇ 'ਚ ਪੰਜਾਬ ਪੁਲਿਸ ਨੇ 13 'ਚੋਂ 7 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਪੁਲੀਸ ਨੇ ਚਾਰਜਸ਼ੀਟ ਵਿੱਚ ਤਰਨਤਾਰਨ ਦੇ ਪਿੰਡ ਕੁੱਲਾ ਦੇ ਨਿਸ਼ਾਂਤ ਸਿੰਘ, ਮੁਹਾਲੀ ਦੇ ਸੈਕਟਰ 85 ਦੇ ਜਗਦੀਪ ਸਿੰਘ, ਅੰਮ੍ਰਿਤਸਰ ਦੇ ਕੰਵਰਜੀਤ ਸਿੰਘ (40), ਬਲਜਿੰਦਰ ਸਿੰਘ ਰੈਂਬੋ (41) ਪੱਟੀ, ਬਲਜੀਤ ਕੌਰ ਉਰਫ਼ ਸੁੱਖੀ (50) ਕੇ, ਅਨੰਤ ਦੀਪ ਸਿੰਘ (32) ਅਤੇ ਲਵਪ੍ਰੀਤ ਸਿੰਘ ਵਿੱਕੀ ਨੂੰ ਮੁਲਜ਼ਮ ਬਣਾਇਆ ਗਿਆ ਹੈ। 

 

ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਰਿੰਦਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਹਾਲ ਹੀ ਵਿੱਚ ਫੜੇ ਗਏ ਨਾਬਾਲਗ ਅਤੇ ਹਰਿਆਣਾ ਦੇ ਗੈਂਗਸਟਰ ਦੀਪਕ ਸੁਰਖਪੁਰ ਨੂੰ ਸੌਂਪੀ ਸੀ। ਇਸ ਹਮਲੇ ਵਿੱਚ ਪੰਜਾਬ ਦੇ ਗੈਂਗਸਟਰ ਲਖਵਿੰਦਰ ਸਿੰਘ ਲੰਡਾ ਨੇ ਵੀ ਸਹਿਯੋਗ ਦਿੱਤਾ ਸੀ। ਲੰਡਾ ਫਿਲਹਾਲ ਕੈਨੇਡਾ 'ਚ ਹੈ, ਜਦਕਿ ਰਿੰਦਾ ਪਾਕਿਸਤਾਨ 'ਚ ਹੈ। ਚਾਰਜਸ਼ੀਟ ਵਿੱਚ ਦੀਪਕ ਸਮੇਤ ਛੇ ਹੋਰ ਮੁਲਜ਼ਮਾਂ ਦੇ ਵੇਰਵੇ ਵੀ ਦਿੱਤੇ ਗਏ ਹਨ। ਪੁਲਿਸ ਨੇ ਇਸ ਮਾਮਲੇ 'ਚ ਇਕ ਨਾਬਾਲਗ ਸਮੇਤ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 6 ਫਰਾਰ ਹਨ। ਅੱਤਵਾਦੀ ਰਿੰਦਾ ਨੇ ਇਸ ਮਾਮਲੇ 'ਚ ਫੜੇ ਗਏ ਨਾਬਾਲਗ ਨੂੰ ਹਮਲੇ ਲਈ ਲੱਖਾਂ ਰੁਪਏ ਦਿੱਤੇ ਸਨ। 

 

ਦੱਸਣਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁਹਾਲੀ ਸਥਿਤ ਪੰਜਾਬ ਇੰਟੈਲੀਜੈਂਸ ਦੇ ਹੈੱਡਕੁਆਰਟਰ 'ਤੇ ਆਰਪੀਜੀ ਹਮਲੇ ਦੇ ਮੁੱਖ ਮੁਲਜ਼ਮ ਸਮੇਤ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਫੜਿਆ ਗਿਆ ਮੁਲਜ਼ਮ ਯੂਪੀ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਮੋਹਾਲੀ ‘ਚ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲੇ ਦਾ ਮਾਸਟਰਮਾਈਂਡ ਹੈ | ਸਪੈਸ਼ਲ ਸੈੱਲ ਨੇ ਅੱਤਵਾਦੀਆਂ ਅਤੇ ਗੈਂਗਸਟਰਾਂ ਨਾਲ ਸਬੰਧ ਹੋਣ ਦਾ ਵੀ ਖੁਲਾਸਾ ਕੀਤਾ ਹੈ। ਇਸ ਗ੍ਰਿਫਤਾਰੀ ਨਾਲ ਪਾਕਿਸਤਾਨ ਦੀ ISI ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ ਹੈ। 

 

 ਦੱਸ ਦੇਈਏ ਕਿ ਪੰਜਾਬ ਦੇ ਮੋਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਯੂਨਿਟ ਦੇ ਮੁੱਖ ਦਫ਼ਤਰ 'ਤੇ 9 ਮਈ ਦੀ ਰਾਤ ਨੂੰ ਰਾਕੇਟ ਨਾਲ ਚੱਲਣ ਵਾਲੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਸੀ, ਜਿਸ ਨੇ ਇਮਾਰਤ ਦੀ ਇੱਕ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਚੂਰ-ਚੂਰ ਕਰ ਦਿੱਤੇ ਸੀ। ਇਸ ਮਾਮਲੇ ਵਿੱਚ ਪਹਿਲਾਂ ਪੁਲਿਸ ਨੇ ਫਰੀਦਕੋਟ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਉਸ ਦੇ ਸਾਥੀ ਸੋਨੂੰ ਨੂੰ ਵੀ ਫਰੀਦਕੋਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਸੋਨੂੰ ਲੌਜਿਸਟਿਕਸ ਸਪੋਰਟ ਵਿੱਚ ਵੀ ਸ਼ਾਮਲ ਸੀ ਅਤੇ ਨਿਸ਼ਾਨ ਸਿੰਘ ਦੇ ਨਾਲ ਸੀ।