Patiala News : ਬਾਰਸ਼ ਨੇ ਪਟਿਆਲਾ ਇਲਾਕੇ ਵਿੱਚ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਖੇਤਰ ਵਿੱਚ ਮੌਸਮ ਵਿੱਚ ਆਏ ਵਿਗਾੜ ਕਾਰਨ ਝੋਨੇ ਦੀ ਪੱਕੀ ਹੋਈ ਫ਼ਸਲ ਸਾਂਭਣ ਵਿੱਚ ਆ ਰਹੀਆਂ ਦਿੱਕਤਾਂ ਨੇ ਕਿਸਾਨਾਂ ਤੇ ਆੜ੍ਹਤੀਆਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਇੱਕ ਪਾਸੇ ਬਾਰਸ਼ ਨਾਲ ਝੋਨੇ ਦੀ ਕਟਾਈ ਪਛੜਣ ਦੇ ਆਸਾਰ ਬਣ ਗਏ ਹਨ ਤੇ ਦੂਜੇ ਪਾਸੇ ਮੰਡੀਆਂ ਵਿੱਚ ਫਸਲ ਭਿੱਜ ਗਈ ਹੈ। ਇਸ ਲਈ ਝੋਨੇ ਵਿੱਚ ਨਮੀ ਵਧਣ ਕਰਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਸਕਦਾ ਹੈ।



ਬਾਰਸ਼ ਤੇ ਬੱਦਲਵਾਈ ਮਗਰੋਂ ਕਿਸਾਨਾਂ ’ਚ ਵੱਡੀ ਚਿੰਤਾ ਫੈਲ ਗਈ ਹੈ। ਸਾਉਣੀ ਦੀ ਪ੍ਰਮੁੱਖ ਫਸਲ ਝੋਨੇ ਦੀ ਅਗੇਤੀ ਕਿਸਮ ਖੇਤਾਂ ’ਚ ਪੱਕੀ ਖੜ੍ਹੀ ਹੈ ਜਦਕਿ ਵਾਢੀ ਮਗਰੋਂ ਕੁਝ ਅਗੇਤੀ ਕਿਸਮ ਮੰਡੀਆਂ ‘ਚ ਵੀ ਵਿਕਣ ਲਈ ਪੁੱਜੀ ਹੋਈ ਹੈ। ਇਸ ਤੋਂ ਇਲਾਵਾ ਪੱਕਣ ਕਿਨਾਰੇ ਖੜ੍ਹੀ ਪਛੇਤੀ ਕਿਸਮ ਨੂੰ ਇਸ ਵੇਲੇ ਖੁਸ਼ਕ ਮੌਸਮ ਦੀ ਵੱਡੀ ਲੋੜ ਹੈ ਪਰ ਉਲਟਾ ਬੇਮੌਸਮੀ ਬਾਰਸ਼ ਸ਼ੁਰੂ ਹੋ ਗਈ ਹੈ, ਅਜਿਹੇ ਮੌਸਮ ਤੋਂ ਕਿਸਾਨੀ ਦੇ ਸਾਹ ਸੂਤਣੇ ਸੁਭਾਵਿਕ ਹਨ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਅਨਾਜ ਮੰਡੀਆਂ ’ਚ ਵਿਗੜੇ ਮੌਸਮ ਦੇ ਇਵਜ਼ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ।

ਉਧਰ, ਮੌਸਮ ਦੇ ਵਿਗਾੜ ਕਾਰਨ ਪਿਛਲੇ ਤਿੰਨ ਦਿਨਾਂ ਦੌਰਾਨ ਪੱਕੇ ਹੋਏ ਝੋਨੇ ਦੀ ਫ਼ਸਲ ਦੀ ਵਾਢੀ ਵਿੱਚ ਆ ਰਹੀ ਰੁਕਾਵਟ ਕਾਰਨ ਰਾਜਪੁਰਾ ਦੀਆਂ ਮੰਡੀਆਂ ਵਿੱਚ ਇੱਕ ਦਿਨ ਦੌਰਾਨ ਕਰੀਬ 42 ਹਜ਼ਾਰ ਕੁਇੰਟਲ ਰੋਜ਼ਾਨਾ ਆਮਦ ਦੇ ਮੁਕਾਬਲੇ ਕਰੀਬ 20 ਹਜ਼ਾਰ ਕੁਇੰਟਲ ਤੇ ਘਨੌਰ ਦੀਆਂ ਮੰਡੀਆਂ ਵਿੱਚ 20 ਹਜ਼ਾਰ ਕੁਇੰਟਲ ਦੇ ਮੁਕਾਬਲੇ ਕਰੀਬ 14 ਹਜ਼ਾਰ ਕੁਇੰਟਲ ਆਮਦ ਰਹਿ ਗਈ ਹੈ ਜਦੋਂਕਿ ਇਨ੍ਹਾਂ ਦੋਵੇਂ ਮੰਡੀਆਂ ਵਿੱਚ ਕ੍ਰਮਵਾਰ 12 ਹਜ਼ਾਰ ਤੇ 10850 ਕੁਇੰਟਲ ਝੋਨਾ ਅਣਵਿੱਕਿਆ ਪਿਆ ਹੈ ਜਿਸ ਨੂੰ ਖਰੀਦ ਏਜੰਸੀਆਂ ਦੇ ਅਧਿਕਾਰੀ ਫ਼ਸਲ ਵਿੱਚ ਵਧੇਰੇ ਨਮੀ ਦੱਸ ਕੇ ਖਰੀਦਣ ਤੋਂ ਪਾਸਾ ਵੱਟ ਗਏ ਹਨ।


ਇਹ ਵੀ ਪੜ੍ਹੋ : Mohali Grenade attack : ਮੋਹਾਲੀ 'ਚ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਆਰਪੀਜੀ ਹਮਲੇ 'ਚ ਪੁਲਿਸ ਨੇ 7 ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ

ਮੌਸਮ ਵਿੱਚ ਆਏ ਵਿਗਾੜ ਤੋਂ ਚਿੰਤਤ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਫ਼ਸਲ ’ਤੇ ਚਾਇਨਾ ਵਾਇਰਸ ਸਮੇਤ ਹੋਰ ਬਿਮਾਰੀਆਂ ਨੇ ਮਾਰ ਪਾਈ ਹੈ ਤੇ ਹੁਣ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਕਿਣਮਿਣ ਕਾਰਨ ਝੋਨੇ ਦੀ ਵਾਢੀ ਦਾ ਕੰਮ ਲਗਭਗ ਰੁਕ ਗਿਆ ਹੈ। ਇਸ ਦੇ ਬਾਵਜੂਦ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਬਹੁਤੇ ਕਿਸਾਨ ਆਪਣੀ ਪੱਕੀ ਹੋਈ ਫ਼ਸਲ ਮੰਡੀ ਵਿੱਚੋਂ ਰੁਲਣ ਤੋਂ ਬਚਾਉਣ ਲਈ ਕੁਝ ਦਿਨ ਰੁਕ ਕੇ ਵਢਾਉਣ ਨੂੰ ਤਰਜੀਹ ਦੇਣ ਲੱਗੇ ਹਨ।

ਰਾਜਪੁਰਾ ਦੀ ਮੁੱਖ ਮੰਡੀ ਵਿੱਚ ਜਾਣ ਤੋਂ ਪਤਾ ਲੱਗਿਆ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਮੰਡੀਆਂ ਵਿੱਚ ਪਏ ਝੋਨੇ ਨੂੰ ਢਕਣ ਦੇ ਪੁਖਤਾ ਪ੍ਰਬੰਧ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਤੋਂ ਉਲਟ ਅਜੇ ਵੀ ਮੰਡੀ ਵਿੱਚ ਪਈਆਂ ਝੋਨੇ ਦੀਆਂ ਬੋਰੀਆਂ ਤੇ ਢੇਰੀਆਂ ਮੀਹ ਵਿੱਚ ਭਿੱਜ ਰਹੀਆਂ ਹਨ।