ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇੱਕ ਲੜਕੀ ਨੂੰ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਿਆ ਹੈ ਕਿ ਬਦਮਾਸ਼ਾਂ ਨੇ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਪੈਸੇ ਨਾ ਮਿਲਣ ‘ਤੇ ਲੜਕੀ ਨੂੰ ਮਾਰ ਕੇ ਸੁੱਟ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ 'ਚ ਇੱਕ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਮ੍ਰਿਤਕ ਦੀ ਪਛਾਣ 19 ਸਾਲਾ ਅਨਮੋਲ ਵਾਸੀ ਅਜਨਾਲਾ, ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਨੂੰ 26 ਫਰਵਰੀ ਨੂੰ ਕਾਰ ਸਵਾਰਾਂ ਨੇ ਅਗਵਾ ਕਰ ਲਿਆ ਸੀ ਜਦੋਂ ਉਹ ਪੜ੍ਹਨ ਜਾ ਰਹੀ ਸੀ। ਪਤਾ ਲੱਗਣ 'ਤੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਸ਼ਮਸ਼ੇਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਨਮੋਲ ਦੇ ਅਗਵਾ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੁਲਿਸ ਨੂੰ ਕਾਰ ਸਵਾਰਾਂ ਦੀ ਭਾਲ ਦੌਰਾਨ ਲੜਕੀ ਦੀ ਲਾਸ਼ ਮਿਲੀ ਹੈ।

ਲੜਕੀ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਉ ਤੋਂ ਅਗਵਾ ਕੀਤਾ ਗਿਆ ਸੀ।ਲੜਕੀ ਦੀ ਲਾਸ਼ ਲੋਹਾਰਾ ਰੋੜ ਤੋਂ ਮਿਲੀ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਇੱਕ ਨੌਜਵਾਨ ਲਵਦੀਪ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।