ਮੁੰਬਈ: ਲੌਕਡਾਊਨ ਤੋਂ ਬਾਅਦ ਓਟੀਟੀ ਪਲੇਟਫ਼ਾਰਮਜ਼ ਤੇ ਆਨਲਾਈਨ ਐਂਟਰਟੇਨਮੈਂਟ ਕੰਟੈਂਟ ਵਿੱਚ ਵਾਧਾ ਹੋਇਆ ਹੈ ਪਰ ਇਸ ਦੇ ਨਾਲ ਹੀ ਅਸ਼ਲੀਲ ਕੰਟੈਂਟ ਦੀ ਮੰਗ ਵੀ ਵਧੀ ਹੈ। ਇਹੋ ਕਾਰਨ ਹੈ ਕਿ ਵੱਖੋ-ਵੱਖਰੇ ਤਰੀਕੇ ਨਾਲ ਟੈਕਨੋਲੋਜੀ ਦੀ ਵਰਤੋਂ ਕਰ ਕੇ ‘ਪੋਰਨ’ ਭਾਵ ਅਸ਼ਲੀਲ ਫ਼ਿਲਮੀਆਂ ਪਰੋਸੀਆਂ ਜਾ ਰਹੀਆਂ ਹਨ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਅਜਿਹੇ ਇੱਕ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ।
ਇਹ ਗਰੋਹ ਸਬਸਿਕ੍ਰਿਪਸ਼ਨ ਦੇ ਆਧਾਰ ’ਤੇ ਲੋਕਾਂ ਨੂੰ ਅਸ਼ਲੀਲਤਾ ਪਰੋਸ ਰਿਹਾ ਸੀ। ਹਫ਼ਤੇ ਵਿੱਚ ਇੱਕ ਦਿਨ ਇੱਕ ਐਪੀਸੋਡ ਤਿਆਰ ਹੁੰਦਾ ਸੀ ਤੇ ਉਸ ਨੂੰ ਐਪ ਰਾਹੀਂ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ’ਚ ਇੱਕ ਐਕਟਰ ਸਣੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੂਹ ਮਿਲਣ ’ਤੇ ਮਾਰੇ ਗਏ ਛਾਪੇ ’ਚ ਪੁਲਿਸ ਨੂੰ ਕਈ ਪੰਨਿਆਂ ਦੀ ਸਕ੍ਰਿਪਟ, ਮੋਬਾਇਲ ਕੈਮਰਾ, ਲਾਈਟਸ ਤੇ ਹੋਰ ਸਾਮਾਨ ਮਿਲਿਆ ਹੈ। ਪੁਲਿਸ ਨੇ ਮੁਢਲੀ ਜਾਂਚ ਦੌਰਾਨ ਪਾਇਆ ਕਿ ਅਜਿਹੇ ਕਈ ਵੱਖੋ–ਵੱਖਰੇ ਐਪ ਆਧਾਰਤ ਪਲੇਟਫ਼ਾਰਮ ਚੱਲ ਰਹੇ ਹਨ। ਉਨ੍ਹਾਂ ਦੇ ਫ਼ਾਲੋਅਰਜ਼ ਜਾਂ ਸਬਸਕ੍ਰਾਈਬਰਜ਼ ਦੀ ਗਿਣਤੀ ਕਈ ਲੱਖਾਂ ’ਚ ਹੈ ਤੇ ਉਨ੍ਹਾਂ ਦੀ ਕਮਾਈ ਵੀ ਕਰੋੜਾਂ ’ਚ ਹੈ।
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇੱਕ ਔਰਤ ਦੇ ਮੋਬਾਇਲ ਫ਼ੋਨ ਤੋਂ ਇਹ ਅਸ਼ਲੀਲ ਸ਼ੂਟਿੰਗ ਕੀਤੀ ਜਾ ਰਹੀ ਸੀ। ਪੁਲਿਸ ਦੇ ਛਾਪੇ ਵੇਲੇ ਵੀ ਸ਼ੂਟਿੰਗ ਚੱਲ ਰਹੀ ਸੀ। ਪੁਲਿਸ ਨੇ ਉੱਥੋਂ ਇੱਕ ਔਰਤ ਨੂੰ ਵੀ ਛੁਡਾਇਆ ਹੈ। ਉਸ ਨੇ ਇਹੋ ਦੱਸਿਆ ਹੈ ਕਿ ਉਸ ਨੂੰ ਵੈੱਬ ਸੀਰੀਜ਼ ਵਿੱਚ ਕੰਮ ਕਰਨ ਦਾ ਲਾਰਾ ਲਾਇਆ ਗਿਆ ਸੀ ਤੇ ਉਸ ਨੂੰ ਇੱਥੇ ਆ ਕੇ ਪਤਾ ਲੱਗਾ ਕਿ ਉਸ ਤੋਂ ਤਾਂ ਪੋਰਨੋਗ੍ਰਾਫ਼ੀ ਲਈ ਕੰਮ ਕਰਵਾਇਆ ਜਾਣਾ ਹੈ।
ਪੁਲਿਸ ਅਨੁਸਾਰ ਅਜਿਹੀਆਂ 12 ਹੋਰ ਅਸ਼ਲੀਲ ਐਪਸ ਦਾ ਪਤਾ ਲੱਗਾ ਹੈ। ਇੱਕ ਚੈਨਲ ਦੀ ਸਬਸਕ੍ਰਿਪਸ਼ਨ 199 ਰੁਪਏ ਪ੍ਰਤੀ ਮਹੀਨਾ ਹੈ ਤੇ ਉਸ ਦੇ ਲੱਖਾਂ ਯੂਜ਼ਰ ਹਨ।