ਖੰਨਾ: ਖੰਨਾ 'ਚ ਪੈਦੇ ਪਿੰਡ ਜਸਪਾਲੋਂ ਦੇ ਐਵਰੈਸਟ ਸਕੂਲ 'ਚ ਇੱਕ ਸਿਰਫਿਰੇ ਆਸ਼ਕ ਨੇ ਆਪਣੇ ਹੀ ਸਕੂਲ ਦੀ ਇੱਕ ਟੀਚਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਅਧਿਆਪਕ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਧਿਆਪਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੀੜਤ ਦੀ ਪਛਾਣ 22 ਸਾਲਾ ਨਵਜੋਤ ਕੌਰ ਵਜੋਂ ਹੋਈ ਹੈ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਨਵਜੋਤ ਕੌਰ ਸਕੂਲ 'ਚ ਹਿੰਦੀ ਤੇ ਇੰਗਲਿਸ਼ ਦੀ ਅਧਿਆਪਕ ਹੈ। ਹਮਲਾ ਕਰਨ ਵਾਲਾ ਵੀ ਇਸੇ ਸਕੂਲ 'ਚ ਇਸ ਟੀਚਰ ਕੋਲ ਪਿਛਲੇ ਸਾਲ ਹੀ 12ਵੀਂ ਪਾਸ ਕਰ ਗਿਆ ਸੀ। ਨਵਜੋਤ ਦੇ ਚਿਹਰੇ ਤੇ ਸਿਰ 'ਚ 10 ਤੋਂ ਜ਼ਿਆਦਾ ਵਾਰ ਕੀਤੇ ਗਏ ਜਿਸ ਕਾਰਨ ਉਸ ਦੇ 3 ਘੰਟਿਆ 'ਚ 120 ਤੋਂ ਜ਼ਿਆਦਾ ਟੰਕੇ ਲੱਗੇ ਹਨ।
ਹਮਲਾਵਰ ਦੀ ਪਛਾਣ ਯੁਵਰਾਜ ਸਿੰਘ ਵਜੋਂ ਹੋਈ ਹੈ। ਯੁਵਰਾਜ ਨੇ ਕਿਹਾ ਕਿ 'ਮੈਨੂੰ ਇਸ ਨੇ ਪਿਆਰ 'ਚ ਧੋਖਾ ਦੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਜਿਸ ਕਾਰਨ ਮੈਂ ਇਸ ਤੇ ਹਮਲਾ ਕੀਤਾ ਹੈ ਜਦ ਇਹ ਮੇਰੀ ਨਹੀਂ ਤਾਂ ਕਿਸੇ ਦੀ ਵੀ ਨਹੀਂ।'
ਯੁਵਰਾਜ ਕਿਹਾ ਕਿ ਟੀਚਰ ਨੇ ਸਕੂਲ 'ਚ ਹੀ ਉਸ ਨੂੰ ਪ੍ਰਪੋਜ ਕੀਤਾ ਸੀ। ਉਸ ਨੇ ਕਿਹਾ "ਇਹ ਮੈਨੂੰ ਕਹਿੰਦੀ ਸੀ ਕਿ ਕੁਝ ਬਣ ਕੇ ਦਿਖਾ, ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗੀ। ਇਹ ਮੇਰੇ ਕੋਲੋਂ ਮੋਬਾਈਲ ਤੇ ਹੋਰ ਸਾਮਾਨ ਲੈਂਦੀ ਰਹੀ ਤੇ ਮੈਂ ਬਹੁਤ ਰੁਪਏ ਵੀ ਇਸ 'ਤੇ ਖਰਚੇ ਹਨ। ਇਸ ਨੇ ਮੈਨੂੰ ਅੱਜ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਕਾਰਨ ਮੈਂ ਇਸ ਤੇ ਹਮਲਾ ਕੀਤਾ।"
ਉਧਰ ਜ਼ਖਮੀ ਹਾਲਤ 'ਚ ਨਵਜੋਤ ਨੇ ਕਿਹਾ ਕਿ, "ਯੁਵਰਾਜ ਮੇਰੇ ਕੋਲ ਪਿਛਲੇ ਸਾਲ ਸਕੂਲ 'ਚ ਹੀ ਪੜ੍ਹਦਾ ਸੀ ਤੇ ਇੱਕ ਮਹੀਨਾ ਪਹਿਲਾਂ ਉਸ ਨੇ ਮੈਨੂੰ ਪ੍ਰਪੋਜ ਕੀਤਾ ਸੀ ਤੇ ਮੈਂ ਉਸ ਨੂੰ ਜਵਾਬ ਦੇ ਦਿੱਤਾ ਸੀ। ਅੱਜ ਉਸ ਨੇ ਮੇਰੇ ਸਕੂਲ 'ਚ ਆ ਕੇ ਮੈਨੂੰ ਕਿਹਾ ਕਿ ਤੂੰ ਮੈਨੂੰ ਧੋਖਾ ਦਿੱਤਾ ਹੈ, ਤੇ ਮੇਰੇ ਤੇ ਹਮਲਾ ਕਰ ਦਿੱਤਾ।"