Patiala News: ਪਟਿਆਲਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਇਸ ਖੁਦਕੁਸ਼ੀ ਦਾ ਕਾਰਨ ਕੈਨੇਡਾ ਗਈ ਪਤਨੀ ਤੇ ਸਹੁਰਾ ਪਰਿਵਾਰ ਤੋਂ ਤੰਗ ਕਰਨਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉੱਪਰ ਪੁਲਿਸ ਨੇ ਪਤਨੀ ਸਮੇਤ ਪੰਜ ਜਣਿਆ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਉਂਝ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਏਗੀ।
ਹਾਸਲ ਜਾਣਕਾਰੀ ਮੁਤਾਬਕ ਕੁਲੁਬੁਰਛਾਂ ਵਾਸੀ ਰਵਿੰਦਰ ਸਿੰਘ (27) ਲਾਪਤਾ ਹੋ ਗਿਆ ਸੀ। ਪਰਿਵਾਰ ਵੱਲੋਂ ਭਾਵੇਂ ਪਹਿਲਾਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਪਰ ਉਸ ਦੀ ਲਾਸ਼ ਭਾਖੜਾ ਨਹਿਰ ਵਿੱਚੋਂ ਮਿਲਣ ਮਗਰੋਂ ਪਿਤਾ ਚਮਕੌਰ ਸਿੰਘ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਸ ਨੇ ਕੈਨੇਡਾ ਗਈ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਇਸ ਤਹਿਤ ਪੁਲਿਸ ਨੇ ਪਤਨੀ ਸਮੇਤ ਪੰਜ ਜਣਿਆ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਰਵਿੰਦਰ ਸਿੰਘ ਦਾ ਵਿਆਹ ਅਪਰੈਲ 2022 ’ਚ ਹੋਇਆ ਸੀ। ਇਸ ਮਗਰੋਂ ਦਸੰਬਰ 2022 ’ਚ ਉਸ ਦੀ ਪਤਨੀ ਕੈਨੇਡਾ ਚਲੀ ਗਈ। ਇਸੇ ਦੌਰਾਨ ਉਹ 12 ਜਨਵਰੀ ਨੂੰ ਆਪਣੇ ਸਹੁਰੇ ਘਰ ਗਿਆ ਸੀ ਪਰ ਉਥੋਂ ਪਰਤਣ ਮਗਰੋਂ ਚਾਰ ਦਿਨਾਂ ਤੱਕ ਉਹ ਆਪਣੇ ਘਰੋਂ ਹੀ ਬਾਹਰ ਨਹੀਂ ਨਿਕਲ਼ਿਆ ਤੇ ਫੇਰ 16 ਜਨਵਰੀ ਨੂੰ ਅਜਿਹਾ ਘਰੋਂ ਗਿਆ ਕਿ ਵਾਪਸ ਨਹੀਂ ਪਰਤਿਆ। ਜਦੋਂ ਉਸ ਦੀ ਕਿਧਰੇ ਵੀ ਕੋਈ ਉਗ ਸੁੱਘ ਨਾ ਨਿਕਲੀ ਤਾਂ ਪਰਿਵਾਰ ਵੱਲੋਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਇਸ ਤਹਿਤ ਥਾਣਾ ਸਦਰ ਸਮਾਣਾ ਵਿੱਤ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪਰ 22 ਜਨਵਰੀ ਨੂੰ ਉਸ ਦੀ ਲਾਸ਼ ਨਹਿਰ ਵਿਚੋਂ ਮਿਲੀ।
ਹਾਸਲ ਜਾਣਕਾਰੀ ਮੁਤਾਬਕ ਪਰਿਵਾਰ ਨੇ ਦੋ ਦਿਨਾਂ ਤੱਕ ਇਸ ਕਰ ਕੇ ਸਸਕਾਰ ਨਾ ਕੀਤਾ, ਕਿ ਉਸ ਦੀ ਪਤਨੀ ਵਿਦੇਸ਼ ਵਿੱਚੋਂ ਸਸਕਾਰ ’ਤੇ ਤਾਂ ਜ਼ਰੂਰ ਆਵੇਗੀ ਪਰ ਜਦੋਂ ਉਹ ਨਾ ਆਈ, ਤਾਂ ਆਖਰ ਉਸ ਦੇ ਪਿਤਾ ਚਮਕੌਰ ਸਿੰਘ ਵੱਲੋਂ ਰਵਿੰਦਰ ਸਿੰਘ ਦੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਕੁੱਲ ਚਾਰ ਮੈਂਬਰਾਂ ਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰਵਾ ਦਿੱਤਾ ਹੈ।
ਸਮਾਣਾ ਦੇ ਡੀਐਸਪੀ ਸੌਰਵ ਜਿੰਦਲ ਨੇ ਸੰਪਰਕ ਕਰਨ ’ਤੇ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਉਸ ਦੀ ਮੋਟਰਸਾਈਕਲ ’ਤੇ ਨਹਿਰ ਵੱਲ ਨੂੰ ਜਾਂਦੇ ਦੀ ਵੀਡੀਓ ਫੁਟੇਜ ਵੀ ਮਿਲੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਘਰੋਂ ਜਾਣ ਲੱਗਿਆਂ ਆਪਣੇ ਦੋਵੇਂ ਫੋਨ ਘਰ ਹੀ ਰੱਖ ਗਿਆ ਸੀ, ਜੋ ਪੁਲਿਸ ਨੇ ਬਰਾਮਦ ਕਰ ਕੇ ਛਾਣਬੀਣ ਸ਼ੁਰੂ ਕਰ ਦਿਤੀ ਗਈ ਹੈ।