Amritsar News: ਅੰਮ੍ਰਿਤਸਰ ਦੇ ਕਰਤਾਰ ਨਗਰ ਇਲਾਕੇ ਵਿੱਚ ਇੱਕ ਘਰ ਵਿੱਚ ਭੇਤਭਰੇ ਹਾਲਾਤ ਵਿੱਚ ਇੱਕ ਔਰਤ ਤੇ ਮਰਦ ਦੀ ਮੌਤ ਹੋ ਗਈ। ਪੁਲਿਸ ਦੇ ਮੁਤਾਬਕ ਦੋਵਾਂ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਪਰ ਦੋਹਾਂ ਦੇ ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਮ੍ਰਿਤਕ ਲੜਕੇ ਮਨੀਸ਼ ਦਾ ਮ੍ਰਿਤਕਾ ਆਰਤੀ ਨਾਲ ਦੂਸਰਾ ਵਿਆਹ ਹੋਇਆ ਸੀ। ਮ੍ਰਿਤਕ ਮਨੀਸ਼ ਦੇ ਭਰਾ ਮੁਤਾਬਕ ਦੋਹਾਂ ਵਿੱਚ ਝਗੜਾ ਹੁੰਦਾ ਰਹਿੰਦਾ ਸੀ।


ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ। ਸੁਸਾਈਡ ਨੋਟ ਉੱਪਰ ਆਪਣੀ ਮੌਤ ਲਈ ਕਿਸੇ ਅਨੂ ਬਾਲਾ ਨੂੰ ਜ਼ਿੰਮੇਵਾਰ ਲਿਖਿਆ ਗਿਆ ਹੈ। ਅਨੂ ਬਾਲਾ ਨੇ ਕਿਹਾ ਹੈ ਕਿ ਮੇਰਾ ਇਸ ਨਾਲ ਕੋਈ ਵੀ ਲੈਣਾ-ਦੇਣਾ ਨਹੀਂ। ਉਸ ਨੇ ਕਿਹਾ ਮੇਰੀ ਭੈਣ ਨੇ ਆਤਮ ਹੱਤਿਆ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। 


ਹਾਸਲ ਜਾਣਕਾਰੀ ਮੁਤਾਬਕ ਕੱਲ੍ਹ ਦੇਰ ਰਾਤ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕੇ ਕਰਤਾਰ ਨਗਰ ਵਿੱਚ ਇੱਕ ਘਰ ਵਿੱਚ ਭੇਤ ਭਰੇ ਹਾਲਾਤ ਵਿੱਚ ਇੱਕ ਔਰਤ ਤੇ ਮਰਦ ਦੀ ਮੌਤ ਹੋ ਗਈ। ਦੋਵੇਂ ਰਿਸ਼ਤੇ ਵਿੱਚ ਪਤੀ ਪਤਨੀ ਹਨ ਤੇ ਦੋਵਾਂ ਦੀ ਦੂਸਰੀ ਸ਼ਾਦੀ ਦੱਸੀ ਜਾ ਰਹੀ ਹੈ। ਦੋਵਾਂ ਦੀ ਉਮਰ 42 ਤੋਂ 45 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਆਰਤੀ ਸਰਕਾਰੀ ਸਕੂਲ ਵਿੱਚ ਟੀਚਰ ਸੀ ਤੇ ਮ੍ਰਿਤਕ ਮਨੀਸ਼ ਟੈਕਸੀ ਚਾਲਕ ਤੇ ਨਾਲ਼ ਆਨਲਾਈਨ ਕੰਮ ਕਰਦਾ ਸੀ। 


ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਜਿਹੜਾ ਸੁਸਾਇਡ ਨੋਟ ਬਰਾਮਦ ਹੋਇਆ ਹੈ, ਉਸ ਵਿੱਚ ਮ੍ਰਿਤਕਾ ਆਰਤੀ ਦੀ ਭੈਣ ਅਨੁਬਾਲਾ ਤੇ ਉਸ ਦੀ ਮਾਂ ਉਰਮਿਲਾ ਦੇਵੀ ਦਾ ਨਾਮ ਲਿਖਿਆ ਹੋਇਆ ਹੈ। ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਹੈ। ਉੱਥੇ ਹੀ ਮ੍ਰਿਤਕ ਮਨੀਸ਼ ਦੇ ਭਰਾ ਨੇ ਦੱਸਿਆ ਕਿ ਦੋਵਾਂ ਦਾ ਆਪਸ ਵਿੱਚ ਝਗੜਾ ਹੁੰਦਾ ਰਹਿੰਦਾ ਸੀ।



ਇਸ ਮੌਕੇ ਅਨੂਬਾਲਾ ਨੇ ਦੱਸਿਆ ਕਿ ਮੇਰੀ ਭੈਣ ਨਾਲ ਮੇਰਾ ਕੋਈ ਵੀ ਲੜਾਈ ਝਗੜਾ ਨਹੀਂ ਸੀ। ਅਸੀਂ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹਿੰਦੇ ਸੀ। ਸਾਨੂੰ ਸਮਝ ਨਹੀਂ ਲੱਗੀ ਕਿ ਉਸ ਵੱਲੋਂ ਮੇਰਾ ਤੇ ਮੇਰੀ ਮਾਤਾ ਦਾ ਨਾਂ ਕਿਉਂ ਲਿਖਿਆ ਗਿਆ ਹੈ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ। ਉਸ ਦਾ ਕਹਿਣਾ ਸੀ ਕਿ ਮੇਰੀ ਭੈਣ ਦਾ ਕਤਲ ਕੀਤਾ ਗਿਆ ਹੈ। ਇਸ ਦੀ ਜਾਂਚ ਕੀਤੀ ਜਾਵੇ।


ਉੱਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਕਰਤਾਰ ਨਗਰ ਇਲਾਕੇ ਵਿੱਚ ਮੀਆਂ ਬੀਬੀ ਦੀ ਮੌਤ ਹੋ ਗਈ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਤੇ ਜਾਂਚ ਕੀਤੀ ਜਾ ਰਹੀ ਹੈ। ਇੱਕ ਸੁਸਾਈਡ ਨੋਟ ਮਿਲਿਆ ਹੈ ਜਿਸ ਵਿੱਚ ਮ੍ਰਿਤਕਾ ਦੀ ਭੈਣ ਤੇ ਉਸ ਦੀ ਮਾਤਾ ਨਾਲ ਲਿਖਿਆ ਹੋਇਆ ਹੈ। ਦੋਵਾਂ ਨੂੰ ਅਸੀਂ ਕਬਜ਼ੇ ਵਿੱਚ ਲੈ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਏਗੀ, ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।