ਫਾਜਿ਼ਲਕਾ : ਪੰਜਾਬ ਦੇ ਉਪਰਲੇ ਹਿੱਸਿਆਂ ਵਿਚ ਪਏ ਭਾਰੀ ਬਾਰਿਸ਼ ਕਾਰਨ ਸਲਤੁਜ਼ ਦਰਿਆ ਵਿਚ ਆ ਰਿਹਾ ਵੱਡੀ ਮਾਤਰਾ ਵਿਚ ਪਾਣੀ ਅੰਤਮ ਰੂਪ ਵਿਚ ਹੁਸੈਨੀਵਾਲਾ ਹੈਡ ਵਰਕਸ ਰਾਹੀਂ ਫਾਜਿ਼ਲਕਾ ਜਿ਼ਲ੍ਹੇ ਦੇ ਖੇਤਰਾਂ ਵਿਚ ਪੁੱਜੇਗਾ। ਇਸ ਲਈ ਅਗੇਤੇ ਪ੍ਰਬੰਧਾਂ ਤਹਿਤ ਫਾਜਿ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਤੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਸਰੱਹਦੀ ਪਿੰਡਾਂ ਦੇ ਲੋਕਾਂ ਨਾਲ ਮਹਾਤਮ ਨਗਰ ਵਿਚ ਬੈਠਕ ਕਰਕੇ ਉਨ੍ਹਾਂ ਨੂੰ ਰਾਹਤ ਕੈਂਪਾਂ ਵਿਚ ਜਾਣ ਲਈ ਕਿਹਾ ਤੇ ਨਾਲ ਹੀ ਉਨ੍ਹਾਂ ਨੇ ਸਤਲੁਜ਼ ਦੇ ਬੰਧਾਂ ਅਤੇ ਅੰਤਰ ਰਾਸ਼ਟਰੀ ਸਰਹੱਦ ਦੇ ਨਾਲ ਸੰਭਾਵਿਤ ਹੜ੍ਹ ਪ੍ਰਬੰਧਾਂ ਦੀ ਸਮੀਖਿਆ ਲਈ ਵੀ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਐਸਐਸਪੀ ਅਵਨੀਤ ਕੌਰ ਸਿੱਧੂ, ਏਡੀਸੀ ਜਨਰਲ ਅਵਨੀਤ ਕੌਰ, ਏਡੀਸੀ ਵਿਕਾਸ ਅਮਿਤ ਪੰਚਾਲ, ਐਸਡੀਐਮ ਸ੍ਰੀ ਅਕਾਸ਼ ਬਾਂਸਲ ਵੀ ਹਾਜਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸੈਨੀਵਾਲਾ ਹੈਡਵਰਕਸ ਤੋਂ 55 ਹਜਾਰ ਕਿਉਸਿਕ ਪਾਣੀ ਛੱਡਿਆ ਗਿਆ ਹੈ ਅਤੇ ਇਹ ਫਾਜਿ਼ਲਕਾ ਜਿ਼ਲ੍ਹੇ ਵਿਚ ਪਹੁੰਚਣਾ ਸ਼ੁਰੂ ਹੋ ਗਿਆ ਹੈ। ਪਰ ਵੱਡਾ ਖਤਰਾ ਉਹ ਪਾਣੀ ਬਣੇਗਾ ਜੋ ਰੋਪੜ੍ਹ ਹੈਡ ਵਰਕਸ ਤੋਂ ਆ ਰਿਹਾ ਹੈ ਅਤੇ ਹਰੀਕੇ ਅਤੇ ਹੁਸੈਨੀਵਾਲਾ ਹੁੰਦੇ ਹੋਏ ਮੰਗਲਵਾਰ ਤੱਕ ਫਾਜਿ਼ਲਕਾ ਵਿਚ ਪੁੱਜੇਗਾ। ਇਸ ਲਈ ਉਨ੍ਹਾਂ ਨੇ ਸਤਲੁਜ਼ ਦੇ ਲਹਿੰਦੇ ਪਾਸੇ ਵਾਲੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਬਣਾਏ ਰਾਹਤ ਕੈਂਪਾਂ ਵਿਚ ਜਾਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੋ ਤਿੰਨ ਦਿਨ ਤਾਰੋਂ ਪਾਰ ਖੇਤੀ ਲਈ ਨਾ ਜਾਣ, ਨਦੀ ਵਿਚ ਨਹਾਉਣ ਜਾਂ ਮੱਛੀ ਫੜਨ ਲਈ ਨਾ ਜਾਣ ਦੀ ਅਪੀਲ ਵੀ ਕੀਤੀ।ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹਾ ਪ੍ਰ਼ਸ਼ਾਸਨ ਸੰਭਾਵਿਤ ਖਤਰੇ ਨਾਲ ਨੱਜਿਠਣ ਲਈ ਹਰ ਹੀਲਾ ਵਰਤ ਰਿਹਾ ਹੈ ਅਤੇ ਲੋਕ ਵੀ ਸਹਿਯੋਗ ਕਰਦੇ ਹੋਏ ਸਮਾਂ ਰਹਿੰਦੇ ਪਿੰਡਾਂ ਵਿਚੋਂ ਸੁਰੱਖਿਅਤ ਥਾਂਵਾਂ ਤੇ ਆ ਜਾਣ।
ਇਸ ਮੌਕੇ ਉਨ੍ਹਾਂ ਨੇ ਮਹਾਤਮ ਨਗਰ ਵਿਖੇ ਹੀ ਸਾਰੇ ਵਿਭਾਗਾਂ ਨਾਲ ਬੈਠਕ ਕੀਤੀ ਅਤੇ ਹਦਾਇਤ ਕੀਤੀ ਕਿ ਰਾਹਤ ਕੈਂਪਾਂ ਵਿਚ ਬਿਜਲੀ ਪਾਣੀ, ਰਾਸ਼ਨ, ਪਸ਼ੂਆਂ ਲਈ ਚਾਰਾ, ਤਰਪਾਲਾਂ ਆਦਿ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿਚ ਮੈਡੀਕਲ ਟੀਮਾਂ ਸਮੇਤ ਸਾਰੇ ਵਿਭਾਗਾਂ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਸਬੰਧੀ ਕਿਸੇ ਵੀ ਸਹਾਇਤਾਂ ਲਈ 24 ਘੰਟੇ ਚੱਲਣ ਵਾਲੇ ਜਿ਼ਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਤੇ ਫੋਨ ਨੰਬਰ 01638—262153 ਤੇ ਸੰਪਰਕ ਕੀਤਾ ਜਾ ਸਕਦਾ ਹੈ।