Punjab News: ਅੰਮ੍ਰਿਤਸਰ ਦੇ Ramada Encore by Wyndham ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਜਿਸ ਨਾਲ ਮਾਲੀ ਨੁਕਸਾਨ ਤਾਂ ਹੋਇਆ ਹੀ ਹੈ ਪਰ ਇਸ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਸੀ।  ਦਰਅਸਲ ਹੋਟਲ ਦੀ ਪੰਜਵੀਂ ਮੰਜ਼ਿਲ ਉੱਤੇ ਬਿਨਾਂ ਕਿਸੇ ਨੂੰ ਅਲਰਟ ਕੀਤੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਵਰਤੀ ਗਈ ਅਣਗਿਹਲੀ ਕਰਕੇ 8 ਫੁੱਟ ਲੰਬਾ ਸ਼ੀਸ਼ਾ ਥੱਲੇ ਖੜ੍ਹੀ ਕਾਰ ਉੱਤੇ ਜਾ ਡਿੱਗਿਆ ਜਿਸ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।


ਇਸ ਮੌਕੇ ਚਲਾਕੀ ਦਿਖਾਉਂਦੇ ਹੋਏ ਹੋਟਲ ਮੈਨੇਜਮੈਂਟ ਨੇ ਕਾਰ ਦੇ ਮਾਲਕ ਦੇ ਆਉਣ ਤੋਂ ਪਹਿਲਾਂ ਹੀ ਸਾਫ਼ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਮਾਮਲੇ ਤੋਂ ਪੱਲਾ ਝਾੜ ਲਿਆ ਜਾਵੇ। ਦੱਸ ਦਈਏ ਕਿ ਹਾਦਸੇ ਦੇ ਵੇਲੇ ਹੋਟਲ ਵਿੱਚ ਕਾਫ਼ੀ ਲੋਕ ਸਨ ਤੇ ਲੌਂਗ ਵੀਕੈਂਡ ਹੋਣ ਕਰਕੇ ਲੋਕਾਂ ਦੀ ਗਿਣਤੀ ਆਮ ਨਾਲੋਂ ਜ਼ਿਆਦਾ ਸੀ।  ਖੈਰੀਅਤ ਰਹੀ ਕਿ ਉਸ ਵੇਲੇ ਕਾਰ ਵਿੱਚ ਕੋਈ ਸਵਾਰ ਨਹੀਂ ਸੀ ਤੇ ਨਾ ਹੀ ਕੋਈ ਕੋਲ ਖੜ੍ਹਾ ਸੀ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ।





ਇਸ ਮਾਮਲੇ ਵਿੱਚ ਜਦੋਂ ਹੋਟਲ ਮੈਨੇਜਮੈਂਟ ਨਾਲ ਕਾਰ ਮਾਲਕ ਨੇ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਅਧਿਕਾਰਿਕ ਸਰਵਿਸ ਸੈਂਟਰ ਤੋਂ ਕਾਰ ਦੀ ਮੁਰੰਮਤ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਪੁਲਿਸ ਨਾਲ ਰਾਬਤਾ ਹੋਇਆ ਤਾਂ ਉਨ੍ਹਾਂ ਵੱਲੋਂ ਵੀ ਅਜੇ ਤੱਕ ਇਸ ਮਾਮਲੇ ਵਿੱਚ ਕੋਈ FIR ਦਰਜ ਨਹੀਂ ਕੀਤੀ ਗਈ ਹੈ।


ਇਸ ਮੌਕੇ ਵੱਡਾ ਸਵਾਲ ਹੈ ਇਹ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਤੇ ਹੋਟਲ ਵਾਲਿਆਂ ਨੇ ਵੀ ਆਪਣੇ ਰਸੂਖ ਦੀ ਧੌਂਸ ਦਿਖਾਉਂਦੇ ਹੋਏ ਕਾਰ ਦੀ ਮੁਰੰਮਤ ਕਰਵਾਉਣ ਤੋਂ ਕੋਰਾ ਜਵਾਬ ਦੇ ਦਿੱਤਾ। ਇੱਥੇ ਸਵਾਲ ਸਿਰਫ਼ ਇੱਕ ਗੱਡੀ ਦੇ ਨੁਕਸਾਨ ਦਾ ਨਹੀਂ ਹੈ, ਸਵਾਲ ਇਹ ਹੈ ਕਿ ਜੇ ਹਾਦਸੇ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਤਾਂ ਵੀ ਪੁਲਿਸ ਪਰ੍ਹਾਂ ਮੂੰਹ ਕਰਕੇ ਲੰਘ ਜਾਂਦੀ। ਹੁਣ ਇਸ ਗੱਲ ਦਾ ਇੰਤਜ਼ਾਰ ਹੈ ਕਿ ਪੀੜਤ ਨੂੰ ਕਦੋਂ ਇਨਸਾਫ਼ ਮਿਲੇਗਾ ਜਾਂ ਫਿਰ ਇਹ ਮਾਮਲਾ ਵੀ ਧਨਾੜਾਂ ਦੀਆਂ ਨੋਟਾਂ ਦੀਆਂ ਗੱਡੀਆਂ ਥੱਲੇ ਦਬ ਕੇ ਮਹਿਜ਼ ਇੱਕ ਖ਼ਬਰ ਤੱਕ ਸੀਮਤ ਰਹਿ ਜਾਵੇਗਾ।