Amritsar News: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ, ਜਿਸ ਤਹਿਤ ਅੰਮ੍ਰਿਤਸਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਦੋ ਤਸਕਰਾਂ ਨੂੰ 51 ਲੱਖ 3 ਹਜਾਰ ਰੁਪਏ ਡਰੱਗ ਮਨੀ ਦੇ ਨਾਲ ਗ੍ਰਿਫਤਾਰ ਕੀਤਾ ਹੈ।
ਦੱਸ ਦਈਏ ਕਿ ਗ੍ਰਿਫਤਾਰ ਕੀਤੇ ਮੁਲਜਮਾਂ ਦਾ ਗਿਰੋਹ ਪਾਕਿਸਤਾਨ ਤੋਂ ਡਰੋਨ ਜਰੀਏ ਹੈਰੋਇਨ ਮੰਗਵਾ ਕੇ ਅੰਮ੍ਰਿਤਸਰ ਸ਼ਹਿਰ ਤੇ ਦਿਹਾਤੀ ਖੇਤਰ 'ਚ ਲੰਬੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਸਨ।
ਅੰਮ੍ਰਿਤਸਰ ਦੇ ਡੀਸੀਪੀ (ਇਨਵੈਸਟੀਗੇਸ਼ਨ) ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਨੇ 25 ਅਕਤੂਬਰ ਨੂੰ ਇੱਕ ਡਰੋਨ ਤੇ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਇਹ ਗਿਰੋਹ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਇੱਥੇ ਸਪਲਾਈ ਕਰਦਾ ਸੀ ਤੇ ਹਵਾਲੇ ਜਰੀਏ ਪਾਕਿਸਤਾਨ ਪੈਸੇ ਭੇਜਦੇ ਸੀ। ਹੁਣ ਪੁਲਿਸ ਗ੍ਰਿਫ਼ਤਾਰ ਕੀਤੇ ਹਰਪ੍ਰੀਤ ਸਿੰਘ ਤੇ ਭਗਵਾਨ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਸ ਰਕਮ ਦਾ ਕੀ ਕਰਨਾ ਸੀ।
ਇਹ ਗਿਰੋਹ ਦੇ ਹੁਣ ਤੱਕ ਗ੍ਰਿਫਤਾਰ ਹੋਏ ਸਾਰੇ ਮੁਲਜਮ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਮੁਲਜ਼ਮਾਂ ਨੇ ਦਿੱਲੀ ਤੋਂ ਡਰੋਨ ਖ਼ਰੀਦਿਆ ਸੀ ਤੇ ਇਸ ਦੇ ਜ਼ਰੀਏ ਹੀ ਉਕਤ ਤਸਕਰ ਹੈਰੋਇਨ ਪਾਕਿਸਤਾਨੋਂ ਮੰਗਵਾਉਂਦੇ ਸਨ।
ਬੀਐੱਸਐੱਫ ਦੇ ਜਵਾਨਾਂ ਨੇ ਡੇਗਿਆ ਪਾਕਿਸਤਾਨੀ ਡਰੋਨ
ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਦੇ ਸਰਹੱਦੀ ਇਲਾਕਿਆਂ ਵਿੱਚ ਪਿਛਲੇ ਹਫ਼ਤੇ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸਰਹੱਦ 'ਤੇ ਤੈਨਾਤ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਦੀ ਟੀਮ ਹਰ ਵਾਰ ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਰਹੀ ਹੈ। ਇਸੇ ਤਰ੍ਹਾਂ 5 ਅਤੇ 6 ਦਸੰਬਰ ਦੀ ਦਰਮਿਆਨੀ ਰਾਤ ਨੂੰ ਬੀਐਸਐਫ ਦੇ ਜਵਾਨਾਂ ਨੇ ਤਰਨਤਾਰਨ ਵਿੱਚ ਇੱਕ ਪਾਕਿਸਤਾਨੀ ਡਰੋਨ ਨੂੰ ਡੇਗਿਆ ਹੈ।
ਤਲਾਸ਼ੀ ਦੌਰਾਨ ਬੀਐਸਐਫ ਨੇ ਤਰਨਤਾਰਨ ਦੇ ਪਿੰਡ ਕਾਲੀਆ ਨੇੜੇ ਭਾਰਤੀ ਖੇਤਰ ਵਿੱਚੋਂ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ। ਬੀਐੱਸਐੱਫ ਦੇ ਜਵਾਨਾਂ ਦੇ ਮੁਤਾਬਕ ਇਹ ਘਟਨਾ ਅੱਜ ਤੜਕੇ 2.35 ਵਜੇ ਵਾਪਰੀ। ਪਾਕਿਸਤਾਨ ਵਾਲੇ ਪਾਸਿਓਂ ਦਾਖਲ ਹੁੰਦੇ ਸਮੇਂ ਕਵਾਡਕਾਪਟਰ ਦੀ ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।