Amritsar News: ਸੀਪੀਆਈ(ਐਮ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਦੇਸ਼ ਵਾਸੀਆਂ ਨੂੰ ਭਾਜਪਾ ਤੇ ਆਰਐਸਐਸ ਦੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਯੋਜਨਾ ਬਾਰੇ ਸੁਚੇਤ ਕਰਦਿਆਂ ਆਖਿਆ ਕਿ ਦੇਸ਼ ਨੂੰ ਇਨ੍ਹਾਂ ਸਾਜ਼ਿਸ਼ਾਂ ਤੋਂ ਬਚਾਉਣ ਲਈ, ਜਮਹੂਰੀਅਤ ਨੂੰ ਮਜ਼ਬੂਤ ਕਰਨ ਤੇ ਸਮਾਜਵਾਦ ਲਿਆਉਣ ਲਈ ਇੱਕ ਲੰਬੀ ਲੜਾਈ ਲੜਨ ਦੀ ਲੋੜ ਹੈ। 


ਉਹ ਐਤਵਾਰ ਨੂੰ ਜਥੇਬੰਦੀ ਦੀ ਚੌਥੀ ਸੂਬਾਈ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਸੰਬੋਧਨ ਕਰਨ ਲਈ ਪੁੱਜੇ ਸਨ। ਇਹ ਦੋ-ਰੋਜ਼ਾ ਸੂਬਾਈ ਇਜਲਾਸ ਇੱਥੇ ਪਿੰਡ ਮੂਧਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋ ਰਿਹਾ ਹੈ, ਜਿੱਥੇ ਬਾਬਾ ਸੋਹਣ ਸਿੰਘ ਭਕਨਾ ਹਾਲ ਤੇ ਗੁਰਸ਼ਰਨ ਸਿੰਘ ਮੰਚ ਤੋਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। 


ਇਸ ਇਜਲਾਸ ਦੀ ਸ਼ੁਰੂਆਤ ਗੁਰਸ਼ਰਨ ਭਾਅ ਜੀ ਦੀ ਧੀ ਡਾ. ਅਰੀਤ ਵੱਲੋਂ ਲਾਲ ਝੰਡਾ ਲਹਿਰਾਏ ਜਾਣ ਨਾਲ ਹੋਈ। ਇਸ ਮੌਕੇ ਉਦਘਾਟਨੀ ਭਾਸ਼ਣ ਵਿੱਚ ਜਨਰਲ ਸਕੱਤਰ ਭੱਟਾਚਾਰੀਆ ਨੇ ਆਖਿਆ ਕਿ ਦੇਸ਼ ਦੀ ਸੱਤਾ ’ਤੇ ਕਾਬਜ਼ ਭਾਜਪਾ ਤੇ ਉਸ ਦੀ ਸਹਿਯੋਗੀ ਆਰਐਸਐਸ ਵੱਲੋਂ ਦੇਸ਼ ਵਿੱਚ ਹਿੰਦੂ ਰਾਸ਼ਟਰ ਦੀ ਸੋਚ ਨੂੰ ਥੋਪਿਆ ਜਾ ਰਿਹਾ ਹੈ, ਜਿਸ ਨੂੰ ਆਜ਼ਾਦੀ ਦੀ ਲੜਾਈ ਵੇਲੇ ਲੋਕ ਨਕਾਰ ਚੁੱਕੇ ਹਨ। 


ਉਨ੍ਹਾਂ ਦਾਅਵਾ ਕੀਤਾ ਕਿ ਆਰਐਸਐਸ ਵੱਲੋਂ 2025 ਵਿੱਚ ਆਪਣੀ ਸਥਾਪਨਾ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਉਹ ਇਸ ਤੋਂ ਪਹਿਲਾਂ ਹਿੰਦੂ ਰਾਸ਼ਟਰ ਵਾਲੀ ਸੋਚ ਨੂੰ ਦੇਸ਼ ਵਿੱਚ ਲਾਗੂ ਕਰਨਾ ਚਾਹੁੰਦੀ ਹੈ, ਜਿਸ ਤਹਿਤ ਸਿਰਫ਼ ਹਿੰਦੂ ਤੇ ਦੇਸ਼ ਵਿੱਚ ਪੈਦਾ ਹੋਏ ਧਰਮਾਂ ਨੂੰ ਮੰਨਣ ਵਾਲੇ ਲੋਕ ਹੀ ਰਾਸ਼ਟਰ ਭਗਤ ਹੋਣਗੇ। ਇਸ ਸੋਚ ਤਹਿਤ ਬਾਹਰੋਂ ਆਏ ਧਰਮਾਂ ਦੇ ਲੋਕ ਦੇਸ਼ ਭਗਤ ਨਹੀਂ ਹੋ ਸਕਦੇ।


ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਸੱਤਾ ਤੇ ਸਮਾਜ ਤੋਂ ਹਾਸ਼ੀਏ ਵੱਲ ਧੱਕਣਾ ਪਵੇਗਾ। ਸਾਲ 2024 ਵਿੱਚ ਆ ਰਹੀਆਂ ਸੰਸਦੀ ਚੋਣਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਇਸ ਲਈ ਸੂਬਾ ਪੱਧਰ ’ਤੇ ਭਾਜਪਾ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਹਨ ਪਰ ਕੌਮੀ ਪੱਧਰ ’ਤੇ ਵੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ।


ਇਹ ਵੀ ਪੜ੍ਹੋ: Drone capcher: ਅੰਮ੍ਰਿਤਸਰ 'ਚ ਭਾਰਤੀ ਸਰਹੱਦ 'ਚ ਦਾਖਲ ਹੁੰਦੇ ਹੀ ਡਰੋਨ ਕੀਤਾ ਢੇਰ, ਤਲਾਸ਼ੀ ਮੁਹਿੰਮ ਜਾਰੀ