Amritsar News: ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚ ਅੱਜ ਸਵੇਰੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਕੁਝ ਹੀ ਘੰਟਿਆਂ ਵਿੱਚ ਅੱਗ 'ਤੇ ਕਾਬੂ ਪਾ ਲਿਆ ਗਿਆ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਤੜਕਸਾਰ ਬੈਂਕ ਵਿੱਚ ਪੁੱਜੇ ਤਾਂ ਉਨ੍ਹਾਂ ਨੂੰ ਧੂੰਆਂ ਨਿਕਲਦਾ ਹੋਇਆ ਨਜ਼ਰ ਆਇਆ।


ਇਸ ਤੋਂ ਬਾਅਦ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਵੱਲੋਂ ਪਹੁੰਚ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਪੂਰੀ ਤਰ੍ਹਾਂ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਦੱਸਣਯੋਗ ਹੈ ਕਿ ਬੈਂਕ ਵਿੱਚ ਲੱਗੇ ਏਸੀ ਤੇ ਜ਼ਰੂਰੀ ਦਸਤਾਵੇਜ਼ ਸੜ ਕੇ ਸਵਾਹ ਹੋ ਗਏ ਹਨ। 


ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਕੁਝ ਦਿਨਾਂ ਤੋਂ ਸੁਰਖੀਆਂ ਵਿੱਚ ਨਜ਼ਰ ਆ ਰਿਹਾ ਹੈ। ਕੁਝ ਦਿਨ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੀਆਂ ਦੋ ਬ੍ਰਾਂਚਾਂ ਵਿੱਚ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ। ਹੁਣ ਬੈਂਕ ਦੀ ਰਣਜੀਤ ਐਵੇਨਿਊ ਬਰਾਂਚ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਬੇਸ਼ੱਕ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਬੈਂਕ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।