ਪੰਜਾਬ ਵਿੱਚ ਨਸ਼ਾ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਡਰੱਗ ਪਿੰਡ ਪੱਧਰ 'ਤੇ ਫੈਲ ਗਿਆ ਹੈ। ਇਸ ਡਰੱਗ ਦੇ ਖਾਤਮੇ ਲਈ ਹੁਣ ਪੰਜਾਬ ਸਰਕਾਰ ਪਰਮਾਤਮਾ ਦਾ ਸਹਾਰਾ ਲੈਣ ਜਾ ਰਹੀ ਹੈ। 18 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪਹੁੰਚ ਰਹੇ ਹਨ। ਸਵੇਰੇ 11 ਵਜੇ ਸੀਐਮ ਭਗਵੰਤ ਮਾਨ ਦਰਬਾਰ ਸਾਹਿਬ 35 ਹਜ਼ਾਰ ਬੱਚਿਆਂ ਨੂੰ ਨਾਲ ਲੈ ਕੇ ਪੰਜਾਬ 'ਚੋਂ ਨਸ਼ਾ ਖ਼ਤਮ ਕਰਨ ਦੇ ਲਈ ਅਰਦਾਸ ਕਰਨਗੇ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ਼ ਸ਼ਹਿਰ ਅਤੇ ਪਿੰਡ ਪੱਧਰ 'ਤੇ ਸਰਚ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਡਰੱਗ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਤਿੱਖੀ ਟਿੱਪਣੀ ਦਾ ਵੀ ਸਾਹਮਣਾ ਕਰਨਾ ਪਿਆ ਸੀ। ਡਰੱਗ ਮਾਮਲੇ 'ਤੇ ਪੰਜਾਬ ਸਰਕਾਰ ਅਤੇ ਡੀਜੀਪੀ ਨੂੰ ਹਾਈ ਕੋਰਟ ਤੋਂ ਮੁਆਫ਼ੀ ਵੀ ਮੰਗਣੀ ਪਈ ਸੀ।
ਇਸ ਸਮੱਸਿਆ ਨੂੰ ਖ਼ਤਮ ਕਰਨ ਦੇ ਲਈ ਹੁਣ ਸਰਕਾਰ ਪਰਮਾਤਮਾ ਦੇ ਦੁਆਰ ਜਾ ਰਹੀ ਹੈ। ਦਰਬਾਰ ਸਾਹਿਬ ਤੋਂ ਅਰਦਾਸ ਕਰਨ ਤੋਂ ਬਾਅਦ ਸੂਬੇ ਵਿੱਚ 3 ਸੂਤਰੀ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। Pray Pledge and Play ਦੇ ਥੀਮ ਰਾਹੀਂ ਨਸ਼ਾ ਛੁਡਾਉਣ ਲਈ ਵੱਡੀ ਮੁਹਿੰਮ ਸ਼ੁਰੂ ਹੋਵੇਗੀ।
ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਵਰਗੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਨਸ਼ਿਆਂ ਵਿਰੁੱਧ ਲੜਨ ਲਈ ਤਿਆਰ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਹੋਪ ਇਨੀਸ਼ੀਏਟਿਵ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅੰਮ੍ਰਿਤਸਰ ਦੀਆਂ ਗਲੀਆਂ-ਮੁਹੱਲਿਆਂ ਅਤੇ ਸਟੇਡੀਅਮਾਂ ਵਿੱਚ ਨੌਜਵਾਨਾਂ ਨੂੰ ਕ੍ਰਿਕਟ ਰਾਹੀਂ ਜਾਗਰੂਕ ਕੀਤਾ ਜਾਵੇਗਾ। ਇਹ ਮੁਹਿੰਮ ਲਗਭਗ 1 ਮਹੀਨੇ ਤੱਕ ਚੱਲੇਗੀ ਅਤੇ ਦੀਵਾਲੀ ਤੋਂ ਪਹਿਲਾਂ ਖਤਮ ਹੋ ਜਾਵੇਗਾ। ਇਸ ਵਿੱਚ ਅੰਮ੍ਰਿਤਸਰ ਦੇ ਸਮਾਜ ਸੇਵੀ ਸੰਸਥਾਵਾਂ ਵੀ ਭਾਗ ਲੈਣਗੀਆਂ। ਹੋਪ ਇਨੀਸ਼ੀਏਟਿਵ ਬਾਰੇ ਵਧੇਰੇ ਜਾਣਕਾਰੀ ਲਈ, ਤੁਸੀਂ www.hopeamritsar.com ਅਤੇ 7710104368 'ਤੇ ਸੰਪਰਕ ਕਰ ਸਕਦੇ ਹੋ।
ਪੰਜਾਬ ਪੁਲਿਸ ਦੀ ਹੁਣ ਤੱਕ ਦੀ ਰਿਕਵਰੀ
9 ਅਕਤੂਬਰ ਪੰਜਾਬ ਪੁਲਿਸ ਦੇ ਆਈ ਜੀ ਸੁਖਚੈਨ ਗਿੱਲ ਨੇ ਦੱਸਿਆ ਸੀ ਕਿ 15 ਮਹੀਨੇ ਪੂਰੇ ਹੋਣ ’ਤੇ ਪੰਜਾਬ ਪੁਲਿਸ ਨੇ 5 ਜੁਲਾਈ, 2022 ਤੋਂ ਹੁਣ ਤੱਕ 3003 ਵੱਡੀਆਂ ਮੱਛੀਆਂ ਸਮੇਤ 20979 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕੁੱਲ 15434 ਐਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 1864 ਵਪਾਰਕ ਮਾਤਰਾ ਨਾਲ ਸਬੰਧਤ ਹਨ।
ਪੁਲਿਸ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 1510.55 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ, ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਬੰਦਰਗਾਹਾਂ ਤੋਂ 147.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਨਾਲ ਮਹਿਜ਼ 15 ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਪ੍ਰਭਾਵੀ ਰਿਕਵਰੀ 1658.05 ਕਿਲੋ ਹੋ ਗਈ ਹੈ।
ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਆਈ.ਜੀ.ਪੀ. ਨੇ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 924.29 ਕਿਲੋ ਅਫੀਮ, 986.06 ਕਿਲੋ ਗਾਂਜਾ, 470.91 ਕੁਇੰਟਲ ਭੁੱਕੀ ਅਤੇ 92.03 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਪਿਛਲੇ 15 ਮਹੀਨਿਆਂ ਦੌਰਾਨ ਫੜੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ’ਚੋਂ 15.81 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਪੰਜਾਬ ਪੁਲਿਸ ਨੇ ਇਨ੍ਹਾਂ 15 ਮਹੀਨਿਆਂ ਦੌਰਾਨ 111 ਵੱਡੇ ਤਸਕਰਾਂ ਦੀਆਂ 88.3 ਕਰੋੜ ਰੁਪਏ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ ਸਭ ਤੋਂ ਵੱਧ 40.3 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਇਸ ਤੋਂ ਬਾਅਦ ਜ਼ਿਲ੍ਹਾ ਤਰਨਤਾਰਨ ਵਿੱਚ 12.06 ਕਰੋੜ ਰੁਪਏ ਦੀਆਂ ਜਾਇਦਾਦਾਂ ਅਤੇ ਫਿਰੋਜ਼ਪੁਰ ਵਿੱਚ 6.16 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ।