Amritsar News: ਅਕਸਰ ਕਿਹਾ ਜਾਂਦਾ ਹੈ ਕਿ ਕੁਦਰਤ ਬੜੀ ਬਲਵਾਨ ਹੈ। ਅਜਿਹਾ ਹੀ ਅੰਮ੍ਰਿਤਸਰ ਵਿੱਚ ਵੇਖਣ ਨੂੰ ਮਿਲਿਆ। ਇੱਥੇ ਇੱਕ ਨੌਜਵਾਨ ਵਿਦੇਸ਼ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਮੌਤ ਨੇ ਉਸ ਨੂੰ ਗਲੇ ਲਾ ਲਿਆ। ਪੁਲਿਸ ਮੁਲਾਜ਼ਮ ਨੌਜਵਾਨ ਦੀ ਸਕਾਰਪੀਓ ਗੱਡੀ ਟਰੱਕ ਨਾਲ ਟਕਰਾ ਗਈ ਤੇ ਖੁਸ਼ੀਆਂ ਦਾ ਮਾਹੌਲ ਗਮ ਵਿੱਚ ਬਦਲ ਗਿਆ।


ਦਰਅਸਲ ਅੰਮ੍ਰਿਤਸਰ ਵਿੱਚ ਵੀਰਵਾਰ ਰਾਤ ਨੂੰ ਇੱਕ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਕਾਰਨ ਮਹਿੰਦਰਾ ਸਕਾਰਪੀਓ ਕਾਰ ਚਕਨਾਚੂਰ ਹੋ ਗਈ। ਕਾਰ ਸਵਾਰ ਪੁਲਿਸ ਮੁਲਾਜ਼ਮ ਸੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਅੰਮ੍ਰਿਤਸਰ ਬਾਈਪਾਸ ਜਾਮ ਕਰਕੇ ਪ੍ਰਦਰਸ਼ਨ ਕੀਤਾ।


ਉਨ੍ਹਾਂ ਦਾ ਇਲਜ਼ਾਮ ਹੈ ਕਿ ਸੜਕ ਕਿਨਾਰੇ ਵਾਹਨ ਖੜ੍ਹੇ ਕੀਤੇ ਜਾਂਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਇਹ ਹਾਦਸਾ ਅੰਮ੍ਰਿਤਸਰ ਬਾਈਪਾਸ 'ਤੇ ਸਥਿਤ ਖੰਨਾ ਪੇਪਰ ਮਿੱਲ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਜੋਬਨਪ੍ਰੀਤ ਸਿੰਘ (22) ਵਾਸੀ ਫਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ। ਜੋਬਨਪ੍ਰੀਤ ਵੇਰਕਾ ਬਾਈਪਾਸ ਤੋਂ ਆ ਰਿਹਾ ਸੀ। ਇਸੇ ਦੌਰਾਨ ਖੰਨਾ ਪੇਪਰ ਮਿੱਲ ਨੇੜੇ ਮੋੜ ਕੱਟਦੇ ਸਮੇਂ ਕਾਰ ਪੱਥਰ ਨਾਲ ਟਕਰਾ ਕੇ ਪਲਟ ਗਈ ਤੇ ਸਾਹਮਣੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸਕਾਰਪੀਓ ਕਾਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ।



ਘਟਨਾ ਸਥਾਨ ਉਪਰ ਮੌਜੂਦ ਲੋਕਾਂ ਅਨੁਸਾਰ ਇਹ ਹਾਦਸਾ ਨਾਜਾਇਜ਼ ਤੌਰ 'ਤੇ ਖੜ੍ਹੇ ਟਰੱਕ ਕਾਰਨ ਵਾਪਰਿਆ ਹੈ। ਇਸ ਤੋਂ ਬਾਅਦ ਡਰਾਈਵਰ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਤੋਂ ਬਾਅਦ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜੋਬਨਪ੍ਰੀਤ ਨੂੰ ਕਾਰ 'ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ ਜੋਬਨ ਡੇਢ ਮਹੀਨੇ ਬਾਅਦ ਅਮਰੀਕਾ ਜਾਣ ਵਾਲਾ ਸੀ ਤੇ ਪੂਰਾ ਪਰਿਵਾਰ ਉਸ ਦੀ ਵਿਦਾਈ ਦੀਆਂ ਤਿਆਰੀਆਂ ਕਰ ਰਿਹਾ ਸੀ।


ਹਾਦਸੇ ਤੋਂ ਬਾਅਦ ਨਜ਼ਦੀਕੀ ਪਾਮ ਗਾਰਡਨ ਕਲੋਨੀ ਦੇ ਲੋਕਾਂ ਨੇ ਮੌਕੇ 'ਤੇ ਹੰਗਾਮਾ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਟਰੱਕਾਂ ਦੀ ਨਾਜਾਇਜ਼ ਪਾਰਕਿੰਗ ਸਬੰਧੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਇਸ ਦਾ ਹੱਲ ਨਹੀਂ ਹੋਇਆ। ਇਹ ਸੜਕ ਕੌਮੀ ਮਾਰਗ ਹੈ। ਇਹ ਸੜਕ ਅਟਾਰੀ ਬਾਰਡਰ ਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਾਂਦੀ ਹੈ ਪਰ ਇੱਥੇ ਨਾਜਾਇਜ਼ ਟਰੱਕ ਖੜ੍ਹੇ ਹਨ ਜੋ ਹਾਦਸਿਆਂ ਨੂੰ ਸੱਦਾ ਦਿੰਦੇ ਹਨ।


ਸਥਾਨਕ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਫਰਾਰ ਹੋਏ ਟਰੱਕ ਦਾ ਪਤਾ ਲਾਇਆ ਜਾ ਰਿਹਾ ਹੈ। ਪੁਲਿਸ ਅੰਮ੍ਰਿਤਸਰ ਬਾਈਪਾਸ ਤੇ ਆਸਪਾਸ ਦੇ ਇਲਾਕੇ ਦੇ ਸੀਸੀਟੀਵੀ ਦੇਖ ਰਹੀ ਹੈ ਤਾਂ ਜੋ ਟਰੱਕ ਦੀ ਪਛਾਣ ਹੋ ਸਕੇ।