Amritsar News: ਅੰਮ੍ਰਿਤਸਰ ਨਗਰ ਨਿਗਮ ਦੇ ਨਵ-ਨਿਯੁਕਤ ਮੇਅਰ, ਜਤਿੰਦਰ ਸਿੰਘ ਮੋਤੀ ਭਾਟੀਆ ਅੱਜ 28 ਜਨਵਰੀ, 2025 ਨੂੰ ਆਪਣਾ ਅਹੁਦਾ ਸੰਭਾਲਣਗੇ। ਇਸ ਦੌਰਾਨ ਕਾਂਗਰਸ ਦੀ ਸੂਬਾ ਇਕਾਈ ਭੰਡਾਰੀ ਪੁਲ 'ਤੇ ਪਹੁੰਚ ਗਈ ਹੈ ਤੇ ਆਮ ਆਦਮੀ ਪਾਰਟੀ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦਾ ਦੋਸ਼ ਹੈ ਕਿ ਉਨ੍ਹਾਂ ਕੋਲ ਬਹੁਮਤ ਸੀ ਪਰ ਫਿਰ ਵੀ ਉਨ੍ਹਾਂ ਨੂੰ ਧਾਂਦਲੀ ਰਾਹੀਂ ਮੇਅਰ ਨਹੀਂ ਬਣਨ ਦਿੱਤਾ ਗਿਆ।
ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਕੋਲ 42 ਕੌਂਸਲਰਾਂ ਦਾ ਬਹੁਮਤ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਚਾਰ ਕੌਂਸਲਰ ਵੀ ਉਨ੍ਹਾਂ ਦੇ ਨਾਲ ਸਨ। ਭਾਜਪਾ ਦੇ ਵਾਕਆਊਟ ਤੋਂ ਬਾਅਦ, ਬਹੁਮਤ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ। ਅਜਿਹੀ ਸਥਿਤੀ ਵਿੱਚ, ਹੁਣ ਉਹ ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਚੰਡੀਗੜ੍ਹ ਵਿੱਚ ਵੀ ਅਜਿਹੀ ਹੀ ਸਥਿਤੀ ਪੈਦਾ ਹੋਈ ਸੀ, ਉਦੋਂ ਵੀ ਕਾਂਗਰਸ ਨੇ ਸੁਪਰੀਮ ਕੋਰਟ ਵਿੱਚ ਲੜਾਈ ਲੜੀ ਸੀ ਅਤੇ ਆਪਣਾ ਮੇਅਰ ਬਣਾਇਆ ਸੀ।
ਅੱਜ ਅੰਮ੍ਰਿਤਸਰ ਵਿਖੇ ਮੇਅਰ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਧੱਕੇਸ਼ਾਹੀ ਵਿਰੁੱਧ ਪੰਜਾਬ ਕਾਂਗਰਸ ਵੱਲੋਂ ਸੰਘਰਸ਼ ਵਿੱਢ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਲੋਕਤੰਤਰ ਦੇ ਹੋਏ ਇਸ ਕਤਲ ਖ਼ਿਲਾਫ਼ ਹਿੱਕ ਡਾਅ ਕੇ ਲੜਾਈ ਲੜੇਗੀ ਤੇ ਇੰਨਸਾਫ਼ ਮਿਲਣ ਤੱਕ ਪਿੱਛੇ ਨਹੀਂ ਹਟੇਗੀ। ਇਹ ਕੜਾਕੇ ਦੀ ਠੰਢ ਜਾਂ ਇਸ ਜ਼ਾਲਮ ਸਰਕਾਰ ਦਾ ਜ਼ੁਲਮ, ਕੁੱਝ ਵੀ ਸਾਡੇ ਹੌਂਸਲੇ ਪਸਤ ਨਹੀਂ ਕਰ ਸਕਦਾ। ਜੰਗ ਜਾਰੀ ਰਹੇਗੀ…..
ਦੂਜੇ ਪਾਸੇ ਰਣਜੀਤ ਐਵੀਨਿਊ ਸਥਿਤ ਨਗਰ ਨਿਗਮ ਦੇ ਮੁੱਖ ਦਫ਼ਤਰ ਵਿਖੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਵ-ਨਿਯੁਕਤ ਮੇਅਰ ਦੇ ਨਾਲ, ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਅਤੇ ਡਿਪਟੀ ਮੇਅਰ ਅਨੀਤਾ ਵੀ ਆਪਣੇ-ਆਪਣੇ ਦਫ਼ਤਰਾਂ ਦਾ ਚਾਰਜ ਸੰਭਾਲਣਗੇ।
ਇਹ ਪ੍ਰੋਗਰਾਮ ਅੱਜ ਦੁਪਹਿਰ 3:00 ਵਜੇ ਹੋਵੇਗਾ। ਨਗਰ ਨਿਗਮ ਦੇ ਅਧਿਕਾਰੀਆਂ ਨੇ ਰਣਜੀਤ ਐਵੀਨਿਊ ਨਗਰ ਨਿਗਮ ਮੁੱਖ ਦਫ਼ਤਰ ਵਿਖੇ ਸਮਾਗਮ ਲਈ ਜ਼ਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਕੌਂਸਲਰ ਅਤੇ ਹੋਰ ਪਤਵੰਤੇ ਵੀ ਮੌਜੂਦ ਰਹਿਣਗੇ। ਇਸ ਕਾਰਜਭਾਰ ਸੰਭਾਲਣ ਦੀ ਰਸਮ ਨੂੰ ਸ਼ਹਿਰ ਦੇ ਪ੍ਰਸ਼ਾਸਕੀ ਕੰਮ ਨੂੰ ਨਵੀਂ ਗਤੀ ਦੇਣ ਅਤੇ ਨਗਰ ਨਿਗਮ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।