Amritsar News: ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਸੁਖਜਿੰਦਰ ਸਿੰਘ ਉੱਤੇ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਛਾਪੇਮਾਰੀ ਰੋਕਣ ਲਈ SHO ਦੇ ਨਾਂਅ ਉੱਤੇ 1.50 ਲੱਖ ਰੁਪਏ ਲੈਣ ਦੇ ਇਲਜ਼ਾਮ ਲੱਗੇ ਹਨ। ਇਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦੋਵਾਂ  ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਉੱਧਰ, ਸਥਾਨਕ 'ਆਪ' ਵਿਧਾਇਕ ਅਟਾਰੀ ਜਸਵਿੰਦਰ ਸਿੰਘ ਰਮਦਾਸ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਗੁਰਪ੍ਰੀਤ ਸਿੰਘ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਐਫਆਈਆਰ ਅਨੁਸਾਰ ਗੁਰਪ੍ਰੀਤ ਸਿੰਘ ਅਤੇ ਸਹਿ ਮੁਲਜ਼ਮ ਸੁਖਜਿੰਦਰ ਸਿੰਘ ਤੋਂ 1.50 ਲੱਖ ਰੁਪਏ ਦੀ ਰਿਕਵਰੀ ਦਿਖਾਈ ਹੈ।



ਐਫਆਈਆਰ ਅਨੁਸਾਰ, ਸ਼ਿਕਾਇਤਕਰਤਾ ਬਿਕਰਮਜੀਤ ਸਿੰਘ ਨੇ ਦੱਸਿਆ ਕਿ 30 ਅਗਸਤ 2024 ਨੂੰ ਚਾਟੀਵਿੰਡ ਪੁਲਿਸ ਨੇ ਉਸ ਦੇ ਭਰਾ ਜਸਪਾਲ ਸਿੰਘ ਉਰਫ਼ ਜੱਜ ਦੇ ਘਰ ਛਾਪਾ ਮਾਰਿਆ ਜੋ ਐਨਡੀਪੀਐਸ ਕੇਸ ਵਿੱਚ ਲੋੜੀਂਦਾ ਸੀ ਪਰ ਜਸਪਾਲ ਸਿੰਘ ਕੰਧ ਟੱਪ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਸਹਿ ਮੁਲਜ਼ਮ ਜੁਗਰਾਜ ਸਿੰਘ ਉਰਫ਼ ਜਾਗੋ ਦੇ ਘਰ ਇੱਕ ਹੋਰ ਛਾਪਾ ਮਾਰਿਆ ਗਿਆ ਪਰ ਪੁਲਿਸ ਨੇ ਉਸਨੂੰ ਉੱਥੇ ਨਹੀਂ ਲੱਭਿਆ



ਇਸ ਤੋਂ ਬਾਅਦ ਬਿਕਰਮਜੀਤ ਸਿੰਘ ਆਪਣੇ ਚਾਚਾ ਦੀਦਾਰ ਸਿੰਘ ਦੇ ਨਾਲ ਪਿੰਡ ਭਗਤੂਪੁਰਾ ਦੇ ਵਸਨੀਕ ਗੁਰਨਾਮ ਸਿੰਘ, ਸੁਖਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਉਹ ਐਸਐਚਓ ਨੂੰ ਜਾਣਦੇ ਹਨ ਤੇ ਮਸਲਾ ਹੱਲ ਕਰ ਸਕਦੇ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੁਲਿਸ ਉਨ੍ਹਾਂ ਦੇ ਘਰਾਂ 'ਤੇ ਛਾਪੇਮਾਰੀ ਨਹੀਂ ਕਰੇਗੀ, ਪਰ ਬਦਲੇ ਵਿਚ ਐਸ.ਐਚ.ਓ. ਨੂੰ ਕੁਝ ਦੇਣਾ ਪਵੇਗਾ। ਸੁਖਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਮੇਰੇ ਤੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ ਜੋ ਕਿ ਦੇ ਵੀ ਦਿੱਤੇ ਗਏ।


ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਪੁਲਿਸ ਨੇ ਮੁੜ ਉਨ੍ਹਾਂ ਦੇ ਘਰਾਂ ਉੱਤੇ ਛਾਪੇਮਾਰੀ ਕੀਤੀ ਜਿਸ ਤੋਂ ਬਾਅਦ ਉਹ ਖ਼ੁਦ ਐਸਐਚਓ ਚਾਟੀਵਿੰਡ ਸ਼ਮਸ਼ੇਰ ਸਿੰਘ ਕੋਲ ਗਏ। ਉਸ ਨੇ ਐੱਸਐੱਚਓ ਨੂੰ ਕਿਹਾ ਕਿ ਉਸ ਨੇ ਛਾਪੇਮਾਰੀ ਰੋਕਣ ਲਈ ਡੇਢ ਲੱਖ ਰੁਪਏ ਦਿੱਤੇ ਸਨ ਤਾਂ ਐੱਸਐੱਚਓ ਨੇ ਕਿਹਾ ਕਿ ਉਨ੍ਹਾਂ ਕੋਈ ਰਿਸ਼ਵਤ ਨਹੀਂ ਲਈ। ਬਾਅਦ ਵਿੱਚ ਖੁਲਾਸਾ ਹੋਇਆ ਕਿ ਦੋਵੇਂ ਮੁਲਜ਼ਮਾਂ ਨੇ ਐਸਐਚਓ ਦੇ ਨਾਂ ਉਤੇ ਪੈਸੇ ਲੈ ਕੇ ਠੱਗੀ ਮਾਰੀ ਹੈ। 



ਐੱਸਐੱਚਓ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਪੁਲਿਸ ਟੀਮ ਨਾਲ ਛਾਪੇਮਾਰੀ ਕਰਕੇ ਸੁਖਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਡੇਢ ਲੱਖ ਰੁਪਏ ਬਰਾਮਦ ਕੀਤੇ ਗਏ ਹਨ