Punjab News: ਅੰਮ੍ਰਿਤਸਰ ਤੋਂ 'ਆਪ' ਵਿਧਾਇਕ ਅਤੇ ਸਾਬਕਾ IPS ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ। ਉਹ ਪੂਰੀ ਤਰ੍ਹਾਂ ਤੰਦਰੁਸਤ ਸੀ ਪਰ ਕੱਲ੍ਹ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੇ ਹਸਪਤਾਲ ਵਿੱਚ ਆਖਰੀ ਸਾਹ ਲਿਆ।

Continues below advertisement


ਅੰਮ੍ਰਿਤਸਰ ਤੋਂ ਹਲਕਾ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਦੋ ਬੇਟੀਆਂ ਹਨ, ਜਿਨ੍ਹਾਂ 'ਚੋਂ ਇੱਕ ਲਾਅ ਕਰ ਰਹੀ ਹੈ ਤੇ ਦੂਜੀ ਬੇਟੀ ਸਕੂਲ ਜਾਂਦੀ ਹੈ। ਮਧੂਮਿਤਾ ਬਹੁਤ ਹੀ ਸੋਸ਼ਲ ਸੀ ਅਤੇ ਕਈ ਫੰਕਸ਼ਨ ਵਿੱਚ ਉਨ੍ਹਾਂ ਦੇ ਨਾਲ ਨਜ਼ਰ ਆਉਂਦੀ ਸੀ।


ਮਧੂਮਿਤਾ ਦਾ ਅੰਤਿਮ ਸਸਕਾਰ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਨੇੜੇ ਸ਼ਿਵਪੁਰੀ ਵਿਖੇ ਹੋਇਆ। ਜਿੱਥੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਡੀਆਈਜੀ ਸਤਿੰਦਰ ਸਿੰਘ, ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ, ਡੀਸੀਪੀ ਲਾਅ ਐਂਡ ਆਰਡਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ, ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਵਿਧਾਇਕ ਅਜੇ ਗੁਪਤਾ, ਸਾਬਕਾ ਵਿਧਾਇਕ ਸੁਨੀਲ ਦੱਤਾ ਕਈ ਪੁਲਿਸ ਅਧਿਕਾਰੀ, ਰਾਜਨੇਤਾ ਅਤੇ ਸ਼ਹਿਰ ਦੇ ਪਤਵੰਤੇ ਪਹੁੰਚੇ ਹੋਏ ਹਨ।


ਕੁੰਵਰ ਵਿਜੇ ਪ੍ਰਤਾਪ ਸਿੰਘ ਗੋਪਾਲਗੰਜ ਦੇ ਸਿੱਧਵਾਲੀਆ ਬਲਾਕ ਦੇ ਪਿੰਡ ਕਾਰਸਘਾਟ ਦਾ ਰਹਿਣ ਵਾਲੇ ਹਨ। ਉਹ ਆਈਜੀ ਦੇ ਅਹੁਦੇ ਤੋਂ ਵੀਆਰਐਸ ਲੈ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪ੍ਰੇਰਿਤ ਹੋ ਕੇ ਉਹ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਰੇ ਅਤੇ ਜਿੱਤ ਦਰਜ ਕੀਤੀ ਸੀ।


ਜ਼ਿਕਰ ਕਰ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਮਾਮਲੇ ਵਿੱਚ ਐਸਆਈਟੀ ਅਧਿਕਾਰੀ ਸਨ ਫਿਰ ਉਨ੍ਹਾਂ ਨੇ ਰਿਪੋਰਟ ਬਣਾ ਕੇ ਸਰਕਾਰ ਨੂੰ ਕਾਰਵਾਈ ਲਈ ਭੇਜ ਦਿੱਤੀ ਪਰ ਜਦੋਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਨੇ 9 ਅਪ੍ਰੈਲ 2021 ਨੂੰ ਆਈਜੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਕੁੰਵਰ ਵਿਜੇ ਪ੍ਰਤਾਪ ਸਿੰਘ ਅਕਸਰ ਆਪਣੀ ਹੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਰਹੇ ਹਨ। ਕਦੇ ਵਿਕਾਸ ਦੇ ਮੁੱਦੇ 'ਤੇ ਅਤੇ ਕਦੇ ਬੇਅਦਬੀ ਦੇ ਮਾਮਲਿਆਂ 'ਤੇ ਸਰਕਾਰ ਨੂੰ ਘੇਰਿਆ ਹੈ। ਕੁਝ ਸਮਾਂ ਪਹਿਲਾਂ ਉਸ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਘੱਟੋ-ਘੱਟ ਦੋ ਅਧਿਕਾਰੀ ਸ਼ਹਿਰ ਵਿੱਚ ਨਸ਼ਿਆਂ ਦੇ ਕਾਰੋਬਾਰ ਦਾ ਸਮਰਥਨ ਕਰ ਰਹੇ ਹਨ ਅਤੇ ਇਹ ਅਧਿਕਾਰੀ ਚੱਢਾ ਦੇ ‘ਚਹੇਤੇ’ ਹਨ।