ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਨਾਲ ਅੱਜ ਤਰਨਤਾਰਨ ਵਿੱਚ ਇੱਕ ਵਿਸ਼ਾਲ ਵਲੰਟੀਅਰ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਦੌਰਾਨ ਤਰਨਤਾਰਨ ਵਿਧਾਨ ਸਭਾ ਹਲਕੇ ਦੇ 103 ਪਿੰਡਾਂ ਅਤੇ 23 ਵਾਰਡਾਂ ਦੇ ਮੈਂਬਰ ਅਤੇ ਇੰਚਾਰਜ ਸ਼ਾਮਲ ਹੋਏ। ਇਸ ਤੋਂ ਇਲਾਵਾ,ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਮੰਤਰੀ ਲਾਲਜੀਤ ਸਿੰਘ ਭੁੱਲਰ (ਤਰਨਤਾਰਨ ਜਿਮਨੀ ਚੋਣ ਇੰਚਾਰਜ), ਕਈ ਕੈਬਨਿਟ ਮੰਤਰੀ, ਵਿਧਾਇਕ ਅਤੇ ਸੀਨੀਅਰ ਆਗੂ ਮੌਜੂਦ ਸਨ।
ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਸੂਬਾ ਰਿਹਾ ਹੈ, ਜਿਸ ਨੇ ਦੇਸ਼ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਧਰਤੀ ਲੀਡਰਸ਼ਿਪ ਦਾ ਤੋਹਫ਼ਾ ਲੈ ਕੇ ਆਈ ਹੈ। ਮਾਨ ਨੇ ਕਿਹਾ ਕਿ ਪੰਜਾਬ ਨੂੰ ਨਸ਼ਾਖੋਰੀ, ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਨ੍ਹਾਂ ਦੀ ਸਰਕਾਰ ਨੇ ਸਿਸਟਮ ਨੂੰ ਸੁਧਾਰਨ ਲਈ ਲਗਾਤਾਰ ਕੰਮ ਕੀਤਾ ਹੈ ਅਤੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ।
ਮੁੱਖ ਮੰਤਰੀ ਨੇ ਜਨਤਾ ਨੂੰ 11 ਨਵੰਬਰ ਨੂੰ ਸਮਝਦਾਰੀ ਨਾਲ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਤੁਸੀਂ ਅਗਲੇ ਡੇਢ ਸਾਲ ਲਈ ਤਰਨਤਾਰਨ ਦੀ ਕਿਸਮਤ ਦਾ ਫੈਸਲਾ ਕਰੋਗੇ।” ਉਨ੍ਹਾਂ ਲੋਕਾਂ ਨੂੰ ਵਿਰੋਧੀ ਪਾਰਟੀਆਂ ਦੇ ਝੂਠੇ ਪ੍ਰਚਾਰ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ, ਖਾਸ ਕਰਕੇ ਉਨ੍ਹਾਂ ਵੰਸ਼ਵਾਦੀ ਆਗੂਆਂ ਤੋਂ ਜਿਨ੍ਹਾਂ ਨੇ ਲੋਕਾਂ ਤੋਂ ਸੱਤਾ ਖੋਹ ਲਈ ਹੈ। ਮਾਨ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਇਹ 2027 ਦਾ ਸੈਮੀਫਾਈਨਲ ਹੈ, ਪਰ ਇਹ ਕੋਈ ਖੇਡ ਨਹੀਂ ਹੈ - ਇਹ ਸੱਚਾਈ ਅਤੇ ਵਿਕਾਸ ਦੀ ਚੌਣ ਹੈ।
ਮਾਨ ਨੇ ਕਿਹਾ ਕਿ ਤਰਨਤਾਰਨ ਨੇ ਉਹ ਦਿਨ ਦੇਖੇ ਹਨ ਜਦੋਂ ਪਰਿਵਾਰਾਂ ਨੇ ਹਿੰਸਾ ਅਤੇ ਨਸ਼ਿਆਂ ਦੀ ਦੁਰਵਰਤੋਂ ਕਾਰਨ ਇੱਕ ਹੀ ਦਿਨ ਵਿੱਚ ਕਈ ਮੈਂਬਰ ਗੁਆ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਗੈਂਗਸਟਰਵਾਦ ਅਤੇ ਬਗਾਵਤ ਵੱਲ ਧੱਕਿਆ, ਆਮ ਲੋਕਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ। ਪਰ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ, ਇੱਕ ਵੀ ਝੂਠਾ ਕੇਸ ਦਰਜ ਨਹੀਂ ਕੀਤਾ ਗਿਆ।
ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ,ਇਨ੍ਹਾਂ ਲੋਕਾਂ ਨੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਵਲ ਧੱਕਿਆ ਅਤੇ ਬੰਬਾਂ ਅਤੇ ਗੋਲੀਆਂ ਨਾਲ ਪੰਜਾਬ ਦੀ ਪਵਿੱਤਰ ਧਰਤੀ 'ਤੇ ਹਿੰਸਾ ਫੈਲਾਈ। ਅਸੀਂ ਇਸ ਸਿਸਟਮ ਨੂੰ ਸਾਫ਼ ਕਰ ਰਹੇ ਹਾਂ। ਖੇਤਾਂ ਵਿੱਚ ਦਿਨ ਵੇਲੇ ਬਿਜਲੀ ਹੈ, ਸਕੂਲ ਅਤੇ ਹਸਪਤਾਲ ਬਿਹਤਰ ਢੰਗ ਨਾਲ ਕੰਮ ਕਰ ਰਹੇ ਹਨ, ਅਤੇ ਸ਼ਾਸਨ ਪਾਰਦਰਸ਼ੀ ਹੈ।
ਬਾਜਵਾ ਅਤੇ ਮਜੀਠੀਆ ਵਰਗੇ ਆਗੂਆਂ 'ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ, “ਉਹ ਕਰੋੜਾਂ ਦੀਆਂ ਕਾਰਾਂ ਵਿੱਚ ਘੁੰਮਦੇ ਹਨ, ਰਾਵੀ ਦਰਿਆ ਪਾਰ ਸੋਨੇ ਦੀ ਤਸਕਰੀ ਵਿੱਚ ਕਰਦੇ ਹਨ, ਅਤੇ ਜਦੋਂ ਕਾਨੂੰਨ ਕਾਰਵਾਈ ਕਰਦਾ ਹੈ, ਤਾਂ ਉਹ ਲੋਕਤੰਤਰ ਦਾ ਸੱਦਾ ਦਿੰਦੇ ਹਨ। ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ 'ਤੇ ਕੋਈ ਰਹਿਮ ਨਹੀਂ ਹੋਵੇਗਾ—ਸਿਰਫ਼ ਇਨਸਾਫ਼ ਮਿਲੇਗਾ।”