Shehnaaz Gill Father Death Threat: ਪੰਜਾਬੀ ਗਾਇਕ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਨੂੰ ਫੋਨ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਮਾਮਲੇ ਵਿੱਚ ਸ਼ਹਿਨਾਜ਼ ਦੇ ਪਿਤਾ ਨੇ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਉਸ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸੰਤੋਖ ਸਿੰਘ ਨੇ ਕਿਹਾ ਕਿ ਜੇ ਕੁਝ ਦਿਨਾਂ 'ਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਮੈਂ ਪੰਜਾਬ ਛੱਡ ਦੇਵਾਂਗਾ।
ਗ੍ਰਿਫ਼ਤਾਰ ਨਾ ਕੀਤਾ ਤਾਂ ਪੰਜਾਬ ਛੱਡ ਜਾਵਾਂਗਾ- ਸੰਤੋਖ ਸਿੰਘ ਸੁੱਖ
ਅਭਿਨੇਤਰੀ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਕਿਹਾ, "ਅੱਜ ਅਸੀਂ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਹੈ। ਕੱਲ੍ਹ ਮੈਨੂੰ ਹੈਪੀ ਨਾਂ ਦੇ ਵਿਅਕਤੀ ਦਾ ਫ਼ੋਨ ਆਇਆ, ਜਿਸ ਨੇ ਦੀਵਾਲੀ ਤੋਂ ਪਹਿਲਾਂ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਲੱਗਦਾ ਹੈ ਕਿ ਉਹ ਮੈਨੂੰ ਇਸ ਲਈ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ ਕਿਉਂਕਿ ਮੈਂ ਇੱਕ ਹਿੰਦੂ ਨੇਤਾ ਹਾਂ। ਮੈਂ ਅਸੁਰੱਖਿਅਤ ਮਹਿਸੂਸ ਕਰ ਰਿਹਾ ਹਾਂ ਤਾਂ ਮੈਂ ਪੰਜਾਬ ਛੱਡ ਕੇ ਚੰਡੀਗੜ੍ਹ ਜਾਂ ਮੁੰਬਈ ਸ਼ਿਫਟ ਹੋ ਜਾਵਾਂਗਾ। ਜੇ ਕੁਝ ਦਿਨਾਂ ਵਿੱਚ ਕੋਈ ਗ੍ਰਿਫ਼ਤਾਰੀ ਨਾ ਹੋਈ ਤਾਂ ਮੈਂ ਪੰਜਾਬ ਛੱਡ ਦੇਵਾਂਗਾ।"
ਤਿੰਨ ਗੰਨਮੈਨ ਦਿੱਤੇ ਗਏ - ਪੁਲਿਸ
ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਐੱਸਪੀ ਜਸਵੰਤ ਕੌਰ ਨੇ ਇਸ ਮਾਮਲੇ ਬਾਰੇ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕੋਲ ਪਹਿਲਾਂ ਹੀ 2 ਗੰਨਮੈਨ ਹਨ ਅਤੇ ਅੱਜ ਇਕ ਹੋਰ ਗੰਨਮੈਨ ਮੁਹੱਈਆ ਕਰਵਾਇਆ ਗਿਆ ਹੈ। ਅਸੀਂ ਕਾਲ ਨੂੰ ਟਰੇਸ ਕਰਾਂਗੇ ਅਤੇ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇੰਨਾ ਹੀ ਨਹੀਂ ਸੰਤੋਖ ਸਿੰਘ ਸੁੱਖ ਸਾਲ 2021 'ਚ ਭਾਜਪਾ 'ਚ ਸ਼ਾਮਲ ਹੋਏ ਸਨ ਅਤੇ 25 ਦਸੰਬਰ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ।