Punjab News:: ਅੰਮ੍ਰਿਤਸਰ ਦੇ ਜੰਡਿਆਲਾਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ਨੀਵਾਰ ਅਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਵਾਪਰੀ, ਜਦੋਂ ਉਹ ਆਪਣੇ ਦੋਸਤਾਂ ਨਾਲ ਕਿਸੇ ਕੰਮ ਲਈ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚਿਆ ਸੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ।

ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨਾ ਪੰਜਾਬ ਦੀ ਵਿਗੜੀ ਹੋਈ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਬਿਆਨ ਕਰਦਾ ਹੈ।

ਜਦ ਹਰਜਿੰਦਰ ਸਿੰਘ ਦੇ ਘਰ 'ਤੇ ਗੋਲੀਆਂ ਚੱਲੀਆਂ ਅਤੇ ਧਮਕੀਆਂ ਭਰੇ ਫੋਨ ਆਏ ਤਾਂ ਪੁਲਿਸ ਨੂੰ ਦਰਖ਼ਾਸਤ ਵੀ ਦਿੱਤੀ ਗਈ ਅਤੇ ਸਿਕਿਉਰਿਟੀ ਦੀ ਗੁਹਾਰ ਲਾਈ ਗਈ।  ਪਰ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਿਤ ਹੋਣ ਕਾਰਨ ਕੋਈ ਸੁਣਵਾਈ ਨਾ ਹੋਈ ਅਤੇ ਅੱਜ ਦਿਨ ਦਿਹਾੜੇ ਕਤਲ ਹੋ ਗਿਆ। 

ਪੰਜਾਬ ਇੱਕ ਸਰਹੱਦੀ ਸੂਬਾ ਹੈ ਪਰ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਇਨੀ ਖ਼ਰਾਬ ਹੈ ਕਿ ਇੰਟੈਲੀਜੈਂਸ ਦੇ ਦਫ਼ਤਰ 'ਤੇ ਹਮਲਾ, ਡੇਢ ਦਰਜਨ ਦੇ ਕਰੀਬ ਬੰਬ ਧਮਾਕੇ, TARGET KILLING ਦੇ ਮਾਮਲੇ ਆਮ ਹਨ। ਭਗਵੰਤ ਮਾਨ ਜੀ ਇਹ ਤੁਹਾਡਾ FAILURE ਹੈ ਤੇ ਤੁਹਾਡਾ ਕੋਈ ਹੱਕ ਨਹੀਂ ਰਹਿ ਜਾਂਦਾ ਅਹੁਦੇ 'ਤੇ ਬਣੇ ਰਹਿਣ ਦਾ ਤੁਰੰਤ ਅਸਤੀਫ਼ਾ ਦਿਓ

ਇਸ ਨੂੰ ਲੈ ਕੇ  ਛੇਹਰਟਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੀਸੀਟੀਵੀ ਸਾਹਮਣੇ ਆਇਆ ਹੈ, ਪਰ ਮੁਲਜ਼ਮਾਂ ਦੇ ਚਿਹਰੇ ਇਸ ਵਿੱਚ ਢੱਕੇ ਹੋਏ ਹਨ।