ਅਸ਼ਰਫ ਢੁ਼ੱਡੀ ਦੀ ਰਿਪੋਰਟ
Amritsar news: ਅੰਮ੍ਰਿਤਸਰ (ਜਲੂਪੁਰ ਖੈੜਾ): 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਦੀ ਗ੍ਰਿਫਤਾਰੀ ਲਈ ਚਲਾਏ ਗਏ ਆਪਰੇਸ਼ਨ ਨੂੰ ਅੱਜ ਸੱਤ ਦਿਨ ਬੀਤ ਚੁੱਕੇ ਹਨ ਪਰ ਅੰਮ੍ਰਿਤਪਾਲ ਸਿੰਘ ਹੁਣ ਤੱਕ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ। ਉਧਰ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੇ ਕੋਲ ਹੈ, ਉਹ ਫਰਾਰ ਨਹੀਂ ਹੋਇਆ। ਪੁਲਿਸ ਦੇ ਬਿਆਨ ਵਾਰ-ਵਾਰ ਬਦਲ ਰਹੇ ਹਨ। ਲੋਕ ਵੀ ਇਹ ਸਮਝਦੇ ਹਨ ਕਿ ਇਹ ਪੁਲਿਸ ਦੀ ਘੜੀ ਹੋਈ ਕਹਾਣੀ ਹੈ। ਅੰਮ੍ਰਿਤਪਾਲ ਸਿੰਘ ਪੁਲਿਸ ਕੋਲ ਹੀ ਹੈ। ਇਸ ਕਹਾਣੀ ਨੂੰ ਅੰਤਿਮ ਰੂਪ ਕੀ ਦੇਣਾ ਹੈ, ਪੁਲਿਸ ਉਸ ਅਨੁਸਾਰ ਹੀ ਕੰਮ ਕਰ ਰਹੀ ਹੈ।
ਤਰਸੇਮ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਸ਼ੂਟਿੰਗ ਰੇਂਜ ਨਹੀਂ ਬਣਾਈ ਗਈ। ਅੰਮ੍ਰਿਤਪਾਲ ਸਿੰਘ ਆਪਣੇ ਕੰਮ 'ਤੇ ਜਾਂਦਾ ਸੀ ਤੇ ਘਰ ਆਉਂਦਾ ਸੀ। ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਸਰਕਾਰ ਕੰਮ ਕਰ ਰਹੀ ਹੈ। ਕਦੇ ਪਾਕਿਸਤਾਨ ਨਾਲ ਜੋੜ ਰਹੀ ਹੈ ਤੇ ਕਦੇ ਕਿਸੇ ਹੋਰ ਨਾਲ ਜੋੜ ਰਹੀ ਹੈ। ਤਰਸੇਮ ਸਿੰਘ ਨੇ ਕਿਹਾ ਕਿ ਸਰਕਾਰ ਪਾਰਦਰਸ਼ੀ ਢੰਗ ਨਾਲ ਕੰਮ ਕਰੇ। ਉਨ੍ਹਾਂ ਕਿਹਾ ਕਿ ਸਾਡੇ ਨਾਲ ਜੁੜੇ ਲੋਕਾ ਨੂੰ ਧਮਕਾਇਆ ਜਾ ਰਿਹਾ ਹੈ। ਜੇਕਰ ਕੋਈ ਨਾਜਾਇਜ਼ ਹਿਰਾਸਤ ਵਿੱਚ ਲਿਆ ਗਿਆ ਹੈ ਤਾਂ ਉਸ ਨੂੰ ਵਾਪਸ ਛੱਡਿਆ ਜਾਏ।
ਉਨ੍ਹਾਂ ਕਿਹਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਸਾਰੀਆਂ ਸਿੱਖ ਜਥੇਬੰਦੀਆਂ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਕਿਉਂਕਿ ਅੰਮ੍ਰਿਤਪਾਲ ਸਿੰਘ ਸਿੱਖ ਜਗਤ ਲਈ ਕੰਮ ਕਰ ਰਿਹਾ ਸੀ ਤੇ ਅੰਮ੍ਰਿਤਪਾਲ ਨਾਲ ਇਨਸਾਫ ਨਹੀਂ ਹੋ ਰਿਹਾ। ਪੁਲਿਸ ਦੀ ਤਲਾਸ਼ੀ ਦੌਰਾਨ ਘਰ ਵਿੱਚੋਂ ਬੁਲੇਟ ਪਰੂਫ ਜੈਕੇਟ ਮਿਲਣ ਬਾਰੇ ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ ਕਿ ਏਕੇਐਫ ਇਸ ਲਈ ਜੈਕੇਟਾਂ ਤੇ ਲਿਖਿਆ ਸੀ ਕਿ ਭੀੜ ਵਿੱਚ ਕੋਈ ਅਣਜਾਣ ਵਿਅਕਤੀ ਸਾਡੇ ਨਾਲ ਨਾ ਜੁੜ ਜਾਏ। ਇਸ ਲਈ ਇਹ ਜੈਕੇਟਾਂ ਬਣਾਈਆਂ ਸੀ ਤੇ ਇਨ੍ਹਾਂ ਤੇ ਏਕੇਐਫ (ਅਕਾਲ ਪੁਰਖ ਕੀ ਫੌਜ) ਲਿਖਿਆ ਸੀ। ਸਾਰੇ ਹੀ ਸਿੱਖ ਆਪਣੇ ਆਪ ਵਿੱਚ ਆਕਾਲ ਪੁਰਖ ਦੀ ਫੌਜ ਹੈ ਤੇ ਇਹ ਮੰਨਦੇ ਵੀ ਹਨ ਕਿ ਉਹ ਅਕਾਲ ਪੁਰਖ ਦੀ ਫੌਜ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਨੂੰ ਫੜਨ ਤੋਂ ਪਹਿਲਾਂ ਫਿਲਮ ਤਿਆਰ ਕੀਤੀ ਹੋਈ ਹੈ। ਜੋ ਸੀਸੀਟੀਵੀ ਤੇ ਤਸਵੀਰਾਂ ਮਿਲ ਰਹੀਆ ਹਨ, ਇਹ ਸਭ ਪੁਲਿਸ ਦੀ ਪਹਿਲਾਂ ਤੋਂ ਹੀ ਮਿਥੀ ਹੋਈ ਸਾਜਿਸ਼ ਤੇ ਕਹਾਣੀ ਹੈ। ਇੰਨਾ ਵੱਡਾ ਆਪਰੇਸ਼ਨ ਹੋਣ ਦੇ ਬਾਵਜੂਦ ਇੱਕ ਆਦਮੀ ਬਚ ਕੇ ਕਿਵੇਂ ਨਿਕਲ ਗਿਆ, ਇਹ ਕਿਵੇਂ ਹੋ ਸਕਦਾ ਹੈ। ਜੇ ਅਜਿਹਾ ਹੋਇਆ ਹੈ ਤਾਂ ਫਿਰ ਸਿਸਟਮ ਕੀ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਨੌਜਵਾਨਾ ਨੂੰ ਤੰਗ ਪ੍ਰੇਸ਼ਾਨ ਕਰਨਾ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਬੰਦ ਕਰੇ। ਜੇ ਕੁਝ ਅੰਮ੍ਰਿਤਪਾਲ ਸਿੰਘ ਨੇ ਕੀਤਾ ਹੈ ਤਾਂ ਉਸ ਤੇ ਕਾਰਵਾਈ ਕਰੋ। ਅੰਮ੍ਰਿਤਪਾਲ ਸਿੰਘ ਤੇ ਜੋ ਵੀ ਇਲਜ਼ਾਮ ਲੱਗੇ ਹਨ, ਉਹ ਗਲਤ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਡਰਨ ਦੀ ਲੋੜ ਨਹੀਂ।
ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਲੱਗ ਰਿਹਾ ਕਿ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੈ ਜਾਂ ਨਹੀਂ। ਜੇ ਗ੍ਰਿਫਤਾਰ ਨਹੀਂ ਹੈ ਤਾਂ ਉਹ ਹੈ ਕਿੱਥੇ ਹੈ, ਸਾਨੂੰ ਵੀ ਨਹੀਂ ਪਤਾ। ਸੀਐਮ ਭਗਵੰਤ ਮਾਨ ਨੂੰ ਆਪਣਾ ਰਾਜ ਪੰਜਾਬ ਵਿੱਚ ਰੱਖਣਾ ਚਾਹੀਦਾ ਹੈ, ਪੁਲਿਸ ਰਾਜ ਨਹੀਂ ਬਣਾਉਣਾ ਚਾਹੀਦਾ। ਸਾਡਾ ਪੰਜਾਬ ਪੁਲਿਸ ਰਾਜ ਵਿੱਚ ਤਬਦੀਲ ਹੋ ਰਿਹਾ ਹੈ।
ਹੋਰ ਪੜ੍ਹੋ : Punjab News: ਪੰਜਾਬ ਦੇ ਭਖੇ ਮਾਹੌਲ 'ਚ ਪਾਕਿਸਤਾਨ ਨੇ ਭੇਜੀ ਹਥਿਆਰਾਂ ਦੀ ਖੇਪ