Punjab News: ਅਸਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 11 ਸਾਥੀ 16 ਫਰਵਰੀ ਤੋਂ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਜਿਸ ਨੂੰ ਦੇਖਦੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ। ਜੋ ਇਹਨਾਂ ਸਿੰਘਾਂ ਦੀ ਮੰਗ ਨੂੰ ਸਰਕਾਰ ਤੱਕ ਪਹੁੰਚਾਵੇਗੀ। 


ਇਸ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਸਬ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੀਸਰੀ ਵਾਰ ਪੱਤਰ ਭੇਜ ਕੇ ਮੁਲਾਕਾਤ ਲਈ ਸਮਾਂ ਮੰਗਿਆ ਹੈ। ਇਸ ਤੋਂ ਪਹਿਲਾਂ ਕਮੇਟੀ 2 ਵਾਰ ਚਿੱਠੀ ਲਿਖ ਚੁੱਕੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਅੰਮ੍ਰਿਤਪਾਲ ਮਾਮਲੇ 'ਚ ਗੱਲਬਾਤ ਕੀਤੀ ਜਾ ਸਕੇ। ਪਰ ਹਾਲੇ ਤੱਕ ਸੀਐਮ ਮਾਨ ਨੇ ਕਮੇਟੀ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। 


ਇਹ ਯਾਦ ਪੱਤਰ ਮੁੱਖ ਮੰਤਰੀ, ਉਨ੍ਹਾਂ ਦੇ ਦਫਤਰ ਅਤੇ ਵਿਸ਼ੇਸ਼ ਵੈੱਬਸਾਈਟ ’ਤੇ ਭੇਜਿਆ ਗਿਆ ਹੈ। ਪਹਿਲਾਂ ਸਬ ਕਮੇਟੀ ਵੱਲੋਂ ਮੁੱਖ ਮੰਤਰੀ ਨੂੰ ਦੋ ਯਾਦ ਪੱਤਰ ਭੇਜੇ ਜਾ ਚੁੱਕੇ ਹਨ ਪਰ ਹੁਣ ਤੱਕ ਇਸ ਸਬੰਧੀ ਕੋਈ ਹੁੰਗਾਰਾ ਨਹੀਂ ਆਇਆ ਹੈ।


ਪੱਤਰ ਵਿੱਚ ਅਪੀਲ ਕੀਤੀ ਗਈ ਸੀ ਕਿ ਡਿਬਰੂਗੜ੍ਹ ਜੇਲ੍ਹ ’ਚੋਂ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੇ ਮਾਮਲੇ ਨੂੰ ਵਿਚਾਰਨ ਲਈ ਸਬ ਕਮੇਟੀ ਨੂੰ ਮੁਲਾਕਾਤ ਲਈ 13 ਮਾਰਚ ਤੱਕ ਸਮਾਂ ਦਿੱਤਾ ਜਾਵੇ।


ਅੰਮ੍ਰਿਤਪਾਲ ਸਿੰਘ ਤੇ ਡਿਬਰੂਗੜ੍ਹ ਜੇਲ੍ਹ ਦੇ ਸਮੂਹ ਨਜ਼ਰਬੰਦ ਸਿੰਘਾਂ ਨਾਲ ਜੇਲ੍ਹ ਵਿਚ ਹੋਏ ਮਨੁੱਖੀ ਅਧਿਕਾਰਾਂ ਤੇ ਨਿੱਜਤਾ ਦੇ ਅਧਿਕਾਰ ਦੇ ਹਨਨ ਅਤੇ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਵਾਉਣ ਸਬੰਧੀ ਉਨ੍ਹਾਂ ਦੀ ਮੰਗ ਸਬੰਧੀ ਸਰਕਾਰ ਨਾਲ ਰਾਬਤਾ ਕਰਨ ਦੀ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ 6 ਮਾਰਚ ਨੂੰ ਛੇ ਮੈਂਬਰੀ ਸਬ-ਕਮੇਟੀ ਦਾ ਗਠਨ ਕੀਤਾ।


 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਬ-ਕਮੇਟੀ ਦਾ ਗਠਨ ਕਰਦਿਆਂ ਇਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਤੇ ਮਨੁੱਖੀ ਅਧਿਕਾਰਾਂ ਸਬੰਧੀ ਪ੍ਰਸਿੱਧ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਡਾ. ਸੁਖਪ੍ਰੀਤ ਸਿੰਘ ਉਦੋਕੇ ਅਤੇ ਭਾਈ ਰਾਜਨਦੀਪ ਸਿੰਘ ਦਮਦਮੀ ਟਕਸਾਲ ਸੰਗਰਾਵਾਂ ਨੂੰ ਸ਼ਾਮਲ ਕੀਤਾ ਹੈ ਜਦੋਂਕਿ ਇਸ ਸਬ-ਕਮੇਟੀ ਦੇ ਕੋ-ਆਰਡੀਨੇਟਰ ਸ. ਗੁਰਿੰਦਰ ਸਿੰਘ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਬਣਾਇਆ ਗਿਆ ਹੈ।