ਅਸ਼ਰਫ਼ ਢੁੱਡੀ ਦੀ ਰਿਪੋਰਟ 

 

Amritsar News : 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਹੈ। ਇਸ ਦੌਰਾਨ ਪੁਲਿਸ ਨੇ ਕਾਫਲੇ 'ਤੇ ਲਾਠੀਚਾਰਜ ਕੀਤਾ ਹੈ। ਭਾਈ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ ਅਜਨਾਲਾ ਪਹੁੰਚ ਗਏ ਹਨ, ਜਿੱਥੇ ਪੁਲਿਸ ਵਲੋਂ ਉਨ੍ਹਾਂ ਨੂੰ ਰੋਕਣ ਲਈ ਰੋਕਾਂ ਲਗਾਈਆਂ ਗਈਆਂ ਹਨ।

 

ਅੱਜ ਸਵੇਰ ਤੋਂ ਹੀ ਅਜਨਾਲਾ ਸ਼ਹਿਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਖੁਦ ਇੱਥੇ ਹਾਜ਼ਰ ਹਨ। ਪੁਲਿਸ ਦੂਜੇ ਜ਼ਿਲ੍ਹਿਆਂ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਉੱਪਰ ਨਜ਼ਰ ਰੱਖ ਰਹੀ ਹੈ। ਦੱਸ ਦਈਏ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਸਾਥੀਆਂ ਵਿਰੁੱਧ ਨੌਜਵਾਨ ਦੀ ਕੁੱਟਮਾਰ ਦੇ ਮੁਕੱਦਮੇ ਖਿਲਾਫ ਥਾਣਾ ਅਜਨਾਲਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮਗਰੋਂ ਪੁਲਿਸ ਚੌਕਸ ਹੋ ਗਈ ਹੈ।



ਅਜਨਾਲਾ ਵਿੱਚ 600 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ


ਅੰਮ੍ਰਿਤਪਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਅਜਨਾਲਾ ਪਹੁੰਚਣ ਦਾ ਸੱਦਾ ਦਿੱਤਾ ਹੈ। ਪੁਲਿਸ ਦਾ ਅੰਦਾਜ਼ਾ ਹੈ ਕਿ ਇਸ ਪ੍ਰਦਰਸ਼ਨ ਵਿੱਚ 1 ਹਜ਼ਾਰ ਤੋਂ ਵੱਧ ਲੋਕ ਪਹੁੰਚ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਉਥੇ 600 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ, ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਿਪਟਿਆ ਜਾ ਸਕੇ।

 

ਇਹ ਵੀ ਪੜ੍ਹੋ : ਡੀਐਮਸੀ ਹਸਪਤਾਲ ਵੱਲੋਂ ਸੂਰਤ ਸਿੰਘ ਖਾਲਸਾ ਨੂੰ ਛੁੱਟੀ ਦੇਣ ਤੋਂ ਇਨਕਾਰ, ਕੌਮੀ ਇਨਸਾਫ਼ ਮੋਰਚੇ ਦੀ ਕੋਸ਼ਿਸ਼ ਅਸਫਲ

ਕੀ ਸੀ ਪੂਰਾ ਮਾਮਲਾ  

ਕੁਝ ਦਿਨ ਪਹਿਲਾਂ 15 ਫਰਵਰੀ ਦੀ ਰਾਤ ਨੂੰ ਅਜਨਾਲਾ ਪਹੁੰਚੇ ਚਮਕੌਰ ਸਾਹਿਬ ਦੇ ਵਰਿੰਦਰ ਸਿੰਘ ਨੂੰ ਕੁਝ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ। ਵਰਿੰਦਰ ਸਿੰਘ ਮੁਤਾਬਰ, ਉਸ ਦੀ ਜੰਡਿਆਲਾ ਗੁਰੂ ਨੇੜੇ ਮੋਟਰ ’ਤੇ ਕੁੱਟਮਾਰ ਕੀਤੀ ਗਈ, ਜਿੱਥੇ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਸੀ। ਜਿਸ ਦੀ ਸ਼ਿਕਾਇਤ 'ਤੇ ਅੰਮ੍ਰਿਤਪਾਲ ਅਤੇ ਉਸਦੇ ਸਮਰਥਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਪੂਰੇ ਮਾਮਲੇ ਬਾਰੇ ਉਧਰ, ਵਾਰਿਸ ਪੰਜਾਬ ਦੇ ਜਥੇਬੰਦੀ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਪ੍ਰੈੱਸ ਵਾਰਤਾ ਵਿੱਚ ਕਿਹਾ ਸੀ ਕਿ ਵਰਿੰਦਰ ਸਿੰਘ ਮੈਂਟਲ ਹੈ। ਇਸ ਬਿਆਨ ਤੋਂ ਬਾਅਦ ਵਰਿੰਦਰ ਸਿੰਘ ਵਾਸੀ ਚਮਕੌਰ ਸਹਿਬ ਨੇ ਫੇਰ ਸੋਸ਼ਲ ਮੀਡਿਆ ਤੇ ਅੰਮ੍ਰਿਤਪਾਲ ਸਿੰਘ ਖਿਲਾਫ ਤੰਜ ਕੱਸੇ ਹਨ। ਵਰਿੰਦਰ ਦਾ ਕਹਿਣਾ ਹੈ ਜੇ ਮੈਂ ਮੈਂਟਲ ਹਾਂ ਤੇ ਕਿਉਂ ਮੇਰੀਆਂ ਗੱਲਾਂ ਦਾ ਗੁੱਸਾ ਲੱਗਾ ਤੇ ਮਾਰ ਕੁਟਾਈ ਕੀਤੀ ਗਈ।ਉਸ ਨੇ ਕਿਹਾ ਹੈ ਕਿ ਜੇ ਅੰਮ੍ਰਿਤਪਾਲ ਸਿੰਘ ਕਹਿ ਰਿਹਾ ਹੈ ਕਿ ਮੈਂ ਮਾਰ ਕੁਟਾਈ ਨਹੀਂ ਕੀਤੀ ਤਾਂ ਹਰਿਮੰਦਰ ਸਾਹਿਬ ਆ ਕੇ ਆਪਣੇ ਬਿਆਨ ਦੇ ਦੇਵੇ। ਉਸ ਨੇ ਕਿਹਾ ਹੈ ਕਿ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ।